ਹੰਗਾਮੀ ਸਥਿਤੀਆਂ ਨਾਲ ਨਜਿੱਠਣ ਦੀ ਦਿੱਤੀ ਸਿਖਲਾਈ
ਦੇਸ਼ ਭਰ ਵਿੱਚ ਆਫ਼ਤ ਪ੍ਰਬੰਧਨ ਪ੍ਰਤੀ ਜਾਗਰੂਕਤਾ
Publish Date: Thu, 14 May 2026 05:54 PM (IST)
Updated Date: Thu, 14 May 2026 05:57 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਦੇਸ਼ ਭਰ ਵਿੱਚ ਆਫ਼ਤ ਪ੍ਰਬੰਧਨ ਪ੍ਰਤੀ ਜਾਗਰੂਕਤਾ ਵਧਾਉਣ ਦੀਆਂ ਕੋਸ਼ਿਸ਼ਾਂ ਵਜੋਂ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫ਼ੋਰਸ (ਐੱਨਡੀਆਰਐੱਫ) ਅਤੇ ਪੰਜਾਬ ਹੋਮ ਗਾਰਡਜ਼ ਦੀਆਂ ਟੀਮਾਂ ਵੱਲੋਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਫ਼ਤਾਂ ਨਾਲ ਨਜਿੱਠਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸੇ ਉਦੇਸ਼ ਤਹਿਤ ਜ਼ਿਲ੍ਹਾ ਮਾਨਸਾ ਵਿਖੇ ਭੀਖੀ ਦੇ ਇਕ ਸਕੂਲ ਵਿਖੇ ਐੱਨਡੀਆਰਐੱਫ ਬਠਿੰਡਾ ਦੀ ਟੀਮ ਨੇ ਪੰਜਾਬ ਹੋਮ ਗਾਰਡਜ਼ ਦੇ ਸਹਿਯੋਗ ਨਾਲ ਜਾਗਰੂਕਤਾ ਸੈਮੀਨਾਰ ਕਰਵਾਇਆ। ਸਕੂਲ ਸੁਰੱਖਿਆ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਕਿਸੇ ਵੀ ਹੰਗਾਮੀ ਸਥਿਤੀ ਵਿੱਚ ਜਾਨ-ਮਾਲ ਦੀ ਰਾਖੀ ਕਰਨ ਦੇ ਯੋਗ ਬਣਾਉਣ ਲਈ ਪ੍ਰਯੋਗੀ ਜਾਣਕਾਰੀ ਦਿੱਤੀ ਗਈ। ਟੀਮ ਨੇ ਵਿਦਿਆਰਥੀਆਂ ਨੂੰ ਜਾਨ ਬਚਾਉਣ ਦੀਆਂ ਤਕਨੀਕਾਂ ਜਿਵੇਂ ਕਿ ਸੀਪੀਆਰ, ਭੂਚਾਲ ਤੋਂ ਬਚਾਅ, ਹੜ੍ਹ ਦੀ ਸਥਿਤੀ ਨਾਲ ਨਜਿੱਠਣਾ, ਅੱਗ ਲੱਗਣ ਦੀ ਸੂਰਤ ਵਿੱਚ ਅੱਗ ਬੁਝਾਉਣ ਵਰਗੀਆਂ ਸਰਗਰਮੀਆਂ, ਐਮਰਜੈਂਸੀ ਵਿੱਚ ਜ਼ਖ਼ਮੀ ਵਿਅਕਤੀ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾਉਣ ਅਤੇ ਮੁੱਢਲੀ ਸਹਾਇਤਾ ਬਾਰੇ ਵਿਸਥਾਰਪੂਰਵਕ ਦੱਸਿਆ। ਇਸੇ ਲੜੀ ਤਹਿਤ ਐੱਨਡੀਆਰਐੱਫ ਤੋਂ ਇੰਸਪੈਕਟਰ ਸੰਦੀਪ ਸਿੰਘ ਦੀ ਅਗਵਾਈ ਹੇਠ ਟੀਮ ਅਤੇ ਪੰਜਾਬ ਹੋਮ ਗਾਰਡਜ਼ ਤੋਂ ਇੰਸਪੈਕਟਰ ਗੁਰਸੇਵਕ ਸਿੰਘ, ਹੈੱਡ ਕਾਂਸਟੇਬਲ ਜਸਪਾਲ ਸਿੰਘ ਅਤੇ ਸੁਖਜਿੰਦਰ ਸਿੰਘ ਨੇ ਪਿੰਡ ਬੋੜਾਵਾਲ ਵਿਖੇ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਕਿਸ਼ਤੀ ਚਲਾਉਣ ਸਬੰਧੀ ਮੁੱਢਲੀ ਸਿਖਲਾਈ ਦਿੱਤੀ। ਇਸ ਦੌਰਾਨ ਟੀਮ ਦੇ ਮੈਂਬਰਾਂ ਨੇ ਪ੍ਰੈਕਟੀਕਲ ਪ੍ਰਦਰਸ਼ਨਾਂ ਰਾਹੀਂ ਜਾਗਰੂਕ ਕੀਤਾ ਅਤੇ ਵਿਦਿਆਰਥੀਆਂ ਤੋਂ ਅਭਿਆਸ ਵੀ ਕਰਵਾਇਆ। ਬੁਲਾਰਿਆਂ ਨੇ ਕਿਹਾ ਕਿ ਸੰਕਟ ਦੀ ਸਥਿਤੀ ਵਿੱਚ ਵਿਦਿਆਰਥੀ ਨਾ ਸਿਰਫ਼ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹਨ, ਸਗੋਂ ਆਪਣੇ ਪਰਿਵਾਰਾਂ ਅਤੇ ਆਲੇ-ਦੁਆਲੇ ਦੇ ਲੋਕਾਂ ਵਿੱਚ ਵੀ ਇਸ ਬਾਰੇ ਜਾਗਰੂਕਤਾ ਪੈਦਾ ਕਰ ਸਕਦੇ ਹਨ। ਬੋੜਾਵਾਲ ਪਿੰਡ ਦੇ ਵਾਸੀਆਂ ਨੇ ਐੱਨਡੀਆਰਐੱਫ ਤੇ ਪੰਜਾਬ ਹੋਮ ਗਾਰਡਜ਼ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।