ਨਹਿਰ ’ਚੋਂ ਨੌਜਵਾਨ ਦੀ ਲਾਸ਼ ਬਰਾਮਦ
ਮਾਨਸਾ ਦੇ ਭੈਣੀਬਾਘਾ ਪੁਲ
Publish Date: Fri, 24 Apr 2026 08:54 PM (IST)
Updated Date: Sat, 25 Apr 2026 04:13 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਇੱਥੋਂ ਦੇ ਭੈਣੀਬਾਘਾ ਪੁਲ ਕੋਲ ਨਹਿਰ ’ਚੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਥਾਣਾ ਸਦਰ ਮਾਨਸਾ ਅਧੀਨ ਪੈਂਦੀ ਠੂਠਿਆਂਵਾਲੀ ਚੌਂਕੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਸ ਦੌਰਾਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਨੌਜਵਾਨ ਦੇ ਕਤਲ ਦੀ ਆਸ਼ੰਕਾ ਜਤਾਈ ਹੈ। ਭਾਈ ਦੇਸਾ ਦੇ ਸੇਵਕ ਰਾਮ ਨੇ ਦੱਸਿਆ ਕਿ ਉਸ ਦੇ ਭਰਾ ਜੱਸੀ ਰਾਮ 19 ਸਾਲਾਂ ਦੀ ਲਾਸ਼ ਭੈਣੀਬਾਘਾ ਪੁਲ ਨੇੜੇ ਨਹਿਰ ਵਿੱਚੋਂ ਮਿਲੀ ਹੈ। ਉਸ ਦੁਆਰਾ ਦੱਸਿਆ ਗਿਆ ਕਿ ਉਸ ਦੇ ਭਰਾ ਨੂੰ ਉਸ ਦੇ ਦੋਸਤ ਕੱਲ੍ਹ ਲੈ ਕੇ ਗਏ ਸੀ। ਪਰ ਇਸ ਦੇ ਬਾਅਦ ਭੈਣੀਬਾਘਾ ਵਿਖੇ ਨਹਿਰ ਕੋਲ ਸਾਡਾ ਮੋਟਰਸਾਈਕਲ ਪਿਆ ਕਿਸੇ ਵਿਅਕਤੀ ਵੱਲੋਂ ਦੇਖਿਆ ਤੇ ਇਸ ਦੀ ਇਤਲਾਹ ਪੁਲਿਸ ਨੂੰ ਦਿੱਤੀ ਗਈ। ਇਸ ਦੇ ਬਾਅਦ ਗੋਤਾਖੋਰਾਂ ਵੱਲੋਂ ਅੱਜ ਲਾਸ਼ ਨੂੰ ਨਹਿਰ ’ਚੋਂ ਕੱਢਿਆ ਗਿਆ। ਥਾਣਾ ਸਦਰ ਮਾਨਸਾ ਦੇ ਅਧੀਨ ਪੈਂਦੀ ਠੂਠਿਆਂਵਾਲੀ ਚੌਂਕੀ ਦੇ ਇੰਚਾਰਜ ਮੱਖਣ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਜੱਸੀ ਰਾਮ ਦੀ ਲਾਸ਼ ਨਹਿਰ ‘ਚੋਂ ਬਰਾਮਦ ਹੋਈ ਹੈ। ਮਾਨਸਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਲਾਸ਼ ਰਖਵਾ ਦਿੱਤੀ ਗਈ ਹੈ। ਹੁਣ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾਣੇ ਹਨ। ਉਨ੍ਹਾਂ ਵੱਲੋਂ ਦਰਜ ਕਰਵਾਏ ਬਿਆਨਾਂ ਉਪਰੰਤ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।