ਨਗਰ ਕੌਂਸਲ ਅਤੇ ਨਗਰ ਪੰਚਾਇਤ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਦੇ ਨੇਤਾਵਾਂ ਅਤੇ ਚੋਣਾਂ ’ਚ ਖੜ੍ਹੇ ਉਮੀਦਵਾਰਾਂ ਦੇ ਨਾਲ ਨਾਲ ਸਮੱਰਥਕਾਂ ਦੀ ਭੱਜ ਦੌੜ ਖੂਬ ਹੋਈ। ਚੋਣਾਂ ਦੇ ਅਗਲੇ ਦਿਨ ਅੱਜ ਸਿਆਸੀ ਨੇਤਾ, ਉਮੀਦਵਾਰ ਤੇ ਸਮੱਰਥਕਾਂ ਨੇ ਆਪਣੀ ਥਕਾਵਟ ਉਤਾਰੀ, ਉਥੇ ਹੀ ਅਲੱਗ ਅਲੱਗ ਵਾਰਡਾਂ ’ਚ ਪਈਆਂ ਵੋਟਾਂ ਨੂੰ ਲੈ ਕੇ ਚਰਚਾ ਚੱਲਦੀ ਰਹੀ। ਇਸ ਚਰਚਾ ਦੌਰਾਨ ਕਿਹੜੇ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਪਈਆਂ ਹਨ ਅਤੇ ਨਗਰ ਕੌਂਸਲ ’ਚੋਂ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਆ ਸਕਦੀਆਂ ਹਨ ਦੀ ਖਬਰ ਸਾਰ ਲੈਂਦੇ ਰਹੇ। ਅਕਾਲੀ, ਭਾਜਪਾ, ਆਪ, ਕਾਂਗਰਸ ਅਤੇ ਅਜ਼ਾਦ ਉਮੀਦਵਾਰਾਂ ਵੱਲੋਂ ਆਪਣੀ ਪੂਰ੍ਹੀ ਵਾਹ ਚੋਣਾਂ ਦੇ ਪਹਿਲਾਂ ਲਗਾਈ ਗਈ ਅਤੇ ਉਮੀਦਵਾਰਾਂ ਨੂੰ ਜਿਤਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ।
ਮਾਨਸਾ ਨਗਰ ਕੌਂਸਲ ਦੀ ਚੋਣ ’ਚ ਅਜ਼ਾਦ ਉਮੀਦਵਾਰ ਵੱਜੋਂ ਵਾਰਡ-24 ਵਿੱਚ ਖੜ੍ਹੇ ਹੋਏ ਵਿਨੋਦ ਕੁਮਾਰ ਭੰਮਾ ਨੇ ਕਿਹਾ ਕਿ ਕਈ ਦਿਨਾਂ ਦੀ ਭੱਜ-ਦੌੜ ਕਾਰਨ ਥਕਾਵਟ ਕਾਫ਼ੀ ਹੋ ਗਈ ਸੀ, ਪਰ ਅੱਜ ਕੁੱਝ ਲੋਕਾਂ ਨਾਲ ਮਿਲੇ। ਰੋਜ਼ਾਨਾ ਦੇ ਕੰਮ-ਧੰਦੇ ਨਿਪਟਾਏ ਤੇ ਦੁਪਹਿਰ ਵੇਲੇ ਅਰਾਮ ਕਰਕੇ ਥਕਾਵਟ ਵੀ ਉਤਾਰੀ। ਉਨ੍ਹਾਂ ਕਿਹਾ ਕਿ ਆਪਣੇ ਮਿੱਤਰਾਂ ਨਾਲ ਵੋਟਾਂ ਦੇ ਸਬੰਧ ’ਚ ਗੱਲਬਾਤ ਲਗਾਤਾਰ ਅੱਜ ਹੁੰਦੀ ਰਹੀ।
ਵਾਰਡ ਨੰਬਰ. 2 ਦੇ ਅਕਾਲੀ ਉਮੀਦਵਾਰ ਹਰਬੰਸ ਸਿੰਘ ਪੰਮੀ ਦਾ ਵੀ ਆਖਣਾ ਸੀ ਕਿ ਜਦ ਦੀਆਂ ਚੋਣਾਂ ’ਚ ਉਮੀਦਵਾਰ ਵੱਜੋਂ ਖੜ੍ਹੇ ਹੋਏ ਹਨ। ਉਸ ਦੇ ਬਾਅਦ ਲਗਾਤਾਰ ਭੱਜ ਦੌੜ ਬਣੀ ਰਹੀ ਤੇ ਅੱਜ ਕਾਫ਼ੀ ਥਕਾਵਟ ਸੀ। ਉਨ੍ਹਾਂ ਕਿਹਾ ਕਿ ਅਕਾਲੀ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਅਤੇ ਆਪਣੇ ਕੁੱਝ ਕੰਮ ਨਿਪਟਾਏ ਹਨ।
ਚੌਹਾਨ ਪਰਿਵਾਰ ‘ਚ ਵਾਰਡ-13 ਦੀ ਸਰਬਸਾਂਝੇ ਉਮੀਦਵਾਰ ਕਿਰਨਾ ਰਾਣੀ ਪਤਨੀ ਕ੍ਰਿਸ਼ਨ ਚੋਹਾਨ ਨੇ ਕਿਹਾ ਕਿ ਉਹ ਵੋਟਰਾਂ ਨੂੰ ਅੱਜ ਮਿਲਦੇ ਰਹੇ ਅਤੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਵੋਟਰਾਂ ਦਾ ਧੰਨਵਾਦ ਕੀਤਾ।
ਵਾਰਡ ਨੰਬਰ. 13 ਦੇ ਆਪ ਉਮੀਦਵਾਰ ਰੰਜਨਾ ਮਿੱਤਲ ਦੇ ਪਤੀ ਅਮਨ ਮਿੱਤਲ ਦਾ ਆਖਣਾ ਸੀ ਕਿ ਉਹ ਆਪਣੇ ਅੱਜ ਕੰਮ ਕਾਰ ਕਰਦੇ ਰਹੇ ਅਤੇ ਵੋਟਰਾਂ ਨਾਲ ਵੀ ਗੱਲਬਾਤ ਕੀਤੀ। ਵਾਰਡ ਨੰਬਰ. 22 ਦੇ ਭਾਜਪਾ ਉਮੀਦਵਾਰ ਪ੍ਰਵੀਨ ਗਰਗ ਨੇ ਕਿਹਾ ਕਿ ਚੋਣਾਂ ਦੇ ਅਗਲੇ ਦਿਨ ਅੱਜ ਕਈ ਦਿਨਾਂ ਬਾਅਦ ਸਵੇਰ ਵੇਲੇ ਘਰ ਬ੍ਰੇਕਫਾਸਟ ਕੀਤਾ ਹੈ ਅਤੇ ਕੁੱਝ ਰੋਜ਼ਮਰਾ ਦੇ ਕੰਮ ਕੀਤੇ ਹਨ। ਸਵੇਰ ਵੇਲੇ ਭਾਜਪਾ ਦੀ ਮੀਟਿੰਗ, ਜਿਸ ਵਿੱਚ ਸਾਰੇ ਵਾਰਡਾਂ ਦੇ ਉਮੀਦਵਾਰ ਆਏ ਸਨ ਉਨ੍ਹਾਂ ਨਾਲ ਵਿਚਾਰ ਚਰਚਾ ਕੀਤੀ। ਹੁਣ ਨਤੀਜਿਆਂ ਦੀ ਉਡੀਕ ਕਰ ਰਹੇ ਹਾਂ। ਭਾਜਪਾ ਦੇ ਵਾਰਡ ਨੰਬਰ. 12 ਦੇ ਭਾਜਪਾ ਉਮੀਦਵਾਰ ਪ੍ਰੇਮ ਸਾਗਰ ਭੋਲਾ ਦਾ ਕਹਿਣਾ ਸੀ ਕਿ ਇੰਨ੍ਹੇ ਦਿਨਾਂ ’ਚ ਕਾਫ਼ੀ ਥਕਾਵਟ ਹੋ ਗਈ ਸੀ। ਪਰ ਅੱਜ ਵੀ ਪਾਰਟੀ ਵਰਕਰਾਂ ਨੂੰ ਮਿਲੇ ਹਨ ਅਤੇ ਅਰਾਮ ਵੀ ਕੀਤਾ। ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦਾ ਆਖਣਾ ਸੀ ਕਿ ਜਦ ਕਈ ਦਿਨ ਲਗਾਤਾਰ ਭੱਜ ਦੌੜ ਹੋਵੇ ਤਾਂ ਥਕਾਵਟ ਆਪਣੇ ਆਪ ਹੋ ਜਾਂਦੀ ਹੈ। ਥਕਾਵਟ ਵੀ ਉਤਾਰੀ ਹੈ ਅਤੇ ਉਹ ਅੱਜ ਵੀ ਕੁੱਝ ਵਰਕਰਾਂ ਨੂੰ ਮਿਲੇ। ਉਨ੍ਹਾਂ ਕਿਹਾ ਕਿ ਵਿਚਾਰ ਵਟਾਂਦਰਾ ਕੀਤਾ ਹੈ। ਆਪਣੇ ਕੰਮਾਂ ’ਚ ਰੁੱਝੇ ਹੋਏ ਹਨ। ਮਾਨਸਾ ਵਿਧਾਇਕ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਚੋਣਾਂ ‘ਚ ਲਗਾਤਾਰ ਭੱਜ ਦੌੜ ਰਹੀ। ਪਰ ਅੱਜ ਰੋਜ਼ਾਨਾ ਦੀ ਤਰ੍ਹਾਂ ਵਰਕਰਾਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ ਹੈ। ਚੋਣਾਂ ਪੈ ਗਈਆਂ ਹਨ ਅਤੇ ਚੋਣਾਂ ਦੇ ਸਬੰਧ ’ਚ ਚਰਚਾ ਵੀ ਕੀਤੀ।