ਕੌਂਸਲ ਤੇ ਨਗਰ ਪੰਚਾਇਤ ਚੋਣਾਂ ’ਚ ਛਾਏ ਆਜ਼ਾਦ ਉਮੀਦਵਾਰ
ਜ਼ਿਲ੍ਹਾ ਮਾਨਸਾ ’ਚ ਨਗਰ ਕੌਂਸਲ ਮਾਨਸਾ, ਬੁਢਲਾਡਾ, ਬਰੇਟਾ ਤੇ ਨਗਰ ਪੰਚਾਇਤ ਜੋਗਾ ਅਤੇ ਬੋਹਾ ’ਚ ਪਈਆਂ ਵੋਟਾਂ ’ਚ ਅੱਜ ਉਦੋਂ ਸਿਆਸੀ ਪਾਰਟੀਆਂ ਵੀ ਹੈਰਾਨ ਹੋ ਗਈਆਂ, ਜਦ ਜ਼ਿਆਦਾਤਰ ਫ਼ੈਸਲੇ ਅਜ਼ਾਦ ਉਮੀਦਵਾਰਾਂ ਦੇ ਹੱਕ ’ਚ ਆ ਗਏ।
Publish Date: Fri, 29 May 2026 07:20 PM (IST)
Updated Date: Sat, 30 May 2026 04:08 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਮਾਨਸਾ ’ਚ ਨਗਰ ਕੌਂਸਲ ਮਾਨਸਾ, ਬੁਢਲਾਡਾ, ਬਰੇਟਾ ਤੇ ਨਗਰ ਪੰਚਾਇਤ ਜੋਗਾ ਅਤੇ ਬੋਹਾ ’ਚ ਪਈਆਂ ਵੋਟਾਂ ’ਚ ਅੱਜ ਉਦੋਂ ਸਿਆਸੀ ਪਾਰਟੀਆਂ ਵੀ ਹੈਰਾਨ ਹੋ ਗਈਆਂ, ਜਦ ਜ਼ਿਆਦਾਤਰ ਫ਼ੈਸਲੇ ਅਜ਼ਾਦ ਉਮੀਦਵਾਰਾਂ ਦੇ ਹੱਕ ’ਚ ਆ ਗਏ। ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀ ਕੁਰਸੀ ਦਾ ਫ਼ੈਸਲਾ ਵੀ ਅਜ਼ਾਦ ਉਮੀਦਵਾਰਾਂ ਦੀ ਮੁੱਠੀ ’ਚ ਹੋਵੇਗਾ ਕਿਉਂਕਿ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲ ਰਿਹਾ। ਦੱਸਣਯੋਗ ਹੈ ਕਿ ਆਜ਼ਾਦ ਉਮੀਦਵਾਰ ਜਿੱਤਣ ਵਾਲਿਆਂ ਦੀ ਗਿਣਤੀ 35 ਹੈ। ਜਾਣਕਾਰੀ ਅਨੁਸਾਰ ਮਾਨਸਾ ਨਗਰ ਕੌਂਸਲ ਦੇ 27 ਵਾਰਡਾਂ ਦੇ ਨਤੀਜਿਆਂ ’ਚੋਂ ‘ਆਪ’ ਦੇ 8 ਉਮੀਦਵਾਰ, ਸ੍ਰੋਮਣੀ ਅਕਾਲੀ ਦਲ (ਬ) ਦੇ 5, ਭਾਜਪਾ ਦੇ 6, ਕਾਂਗਰਸ ਦੇ 3 ਅਤੇ 5 ਅਜ਼ਾਦ ਉਮੀਦਵਾਰ ਜਿੱਤਣ ’ਚ ਸਫ਼ਲ ਰਹੇ ਹਨ। ਇਸ ਤੋਂ ਇਲਾਵਾ ਬੁਢਲਾਡਾ ਦੇ 19 ਵਾਰਡਾਂ ’ਚੋਂ 7 ਆਪ ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ (ਬ) ਦੇ 5, ਬਸਪਾ 1, ਕਾਂਗਰਸ 2 ਤੇ 4 ਅਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ। ਨਗਰ ਕੌਂਸਲ ਬਰੇਟਾ ਦੇ 13 ਵਾਰਡਾਂ ’ਚੋਂ ਆਮ ਆਦਮੀ ਪਾਰਟੀ ਦੇ 2 ਅਤੇ 11 ਅਜ਼ਾਦ ਉਮੀਦਵਾਰ ਜੇਤੂ ਰਹੇ ਹਨ। ਨਗਰ ਪੰਚਾਇਤ ਜੋਗਾ ਦੇ 13 ਵਾਰਡਾਂ ’ਚੋਂ ‘ਆਪ’ ਦੇ 5 ਅਤੇ 8 ਆਜ਼ਾਦ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਬੋਹਾ ਨਗਰ ਪੰਚਾਇਤ ਦੇ 13 ਵਾਰਡਾਂ ’ਚੋਂ 3 ’ਚੋਂ ਆਮ ਆਦਮੀ ਪਾਰਟੀ, 3 ਸ੍ਰੋਮਣੀ ਅਕਾਲੀ ਦਲ ਅਤੇ 7 ਅਜ਼ਾਦ ਉਮੀਦਵਾਰ ਜਿੱਤਣ ’ਚ ਸਫਲ ਰਹੇ ਹਨ।