ਨਗਰ ਕੌਂਸਲ ਚੋਣਾਂ ਦਾ ਮਾਹੌਲ, ਪਰ ਕੂੜੇ ਦੇ ਢੇਰ ਤੋਂ ਲੋਕ ਔਖੇ
ਨਗਰ ਕੌਂਸਲ ਚੋਣਾਂ ਦਾ ਮਾਹੌਲ
Publish Date: Mon, 18 May 2026 07:23 PM (IST)
Updated Date: Tue, 19 May 2026 04:10 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਨਗਰ ਕੌਂਸਲ ਚੋਣਾਂ ਦਾ ਮਾਹੌਲ ਭਾਵੇਂ ਭਖ ਗਿਆ ਹੈ, ਪਰ ਸਫ਼ਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਕਾਰਨ ਸੜਕਾਂ ’ਤੇ ਲੱਗੇ ਵੱਡੇ ਵੱਡੇ ਕੂੜੇ ਦੇ ਢੇਰਾਂ ਕਾਰਨ ਸ਼ਹਿਰ ਦੇ ਬਸ਼ਿੰਦਿਆਂ ਦਾ ਗਲੀਆਂ, ਮੁਹੱਲਿਆਂ ’ਚੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਉਧਰ ਸਿਆਸੀ ਉਮੀਦਵਾਰਾਂ ਦੇ ਸਮੱਰਥਕਾਂ ਵੱਲੋਂ ਇੰਨ੍ਹਾਂ ਕੂੜੇ ਢੇਰਾਂ ਕੋਲੋਂ ਜਾਂਦਿਆਂ ਮੂੰਹ ਢੱਕ ਕੇ ਲੰਘਣਾ ਪੈ ਰਿਹਾ ਹੈ। ਇੱਕ ਪਾਸੇ ਜਿੱਥੇ ਨਗਰ ਕੌਂਸਲ ਚੋਣਾਂ ਦੀਆਂ ਤਿਆਰੀਆਂ ’ਚ ਹਰ ਸਿਆਸੀ ਪਾਰਟੀ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਲੱਗੀ ਹੋਈ ਹੈ, ਉਥੇ ਹੀ ਦੂਜੇ ਪਾਸੇ ਲੋਕ ਨਗਰ ਕੌਂਸਲ, ਪ੍ਰਸ਼ਾਸਨ ਨੂੰ ਕੋਸਦੇ ਨਜ਼ਰ ਆ ਰਹੇ ਹਨ। ਅੱਜ ਵੀ ਸਫ਼ਾਈ ਸੇਵਕਾਂ ਵੱਲੋਂ ਹੜਤਾਲ ਰੱਖੀ ਗਈ ਅਤੇ ਕੂੜਾ ਜਿਉਂ ਦਾ ਤਿਉਂ ਸੜਕਾਂ ’ਤੇ ਖਿਲਰਿਆ ਪਿਆ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਚੋਣਾਂ ਭਾਵੇਂ ਆ ਗਈਆਂ ਹਨ, ਪਰ ਇਸ ਸੜਕਾਂ ‘ਤੇ ਪਏ ਕੂੜੇ ਨੂੰ ਚੁਕਵਾਉਣ ਵਿੱਚ ਨਗਰ ਕੌਂਸਲ ਫੇਲ੍ਹ ਸਾਬਤ ਹੋ ਰਹੀ ਹੈ। ਹੁਣ ਜਦ ਸਕੂਲਾਂ ‘ਚ ਬੱਚਿਆਂ, ਅਧਿਆਪਕਾਂ ਨੇ ਜਾਣਾ ਹੁੰਦਾ ਹੈ ਜਾਂ ਲੋਕਾਂ ਨੇ ਇਨ੍ਹਾਂ ਕੂੜੇ ਦੇ ਢੇਰਾਂ ਕੋਲੋਂ ਲੰਘਣਾ ਹੁੰਦਾ ਹੈ ਤਾਂ ਆਮ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਹ ਸਫ਼ਾਈ ਸੇਵਕਾਂ ਦੇ ਮਸਲੇ ਹੱਲ ਕਰਕੇ ਇਹ ਹੜਤਾਲ ਖੁਲਵਾਈ ਜਾਵੇ ਤਾਂ ਜੋ ਆਮ ਲੋਕਾਂ ਨੂੰ ਮੁਸ਼ਕਿਲ ਤੋਂ ਰਾਹਤ ਮਿਲ ਸਕੇ। ਉਧਰ, ਨਗਰ ਕੌਂਸਲ ਦੇ ਆਗੂ ਸੰਜੀਵ ਰੱਤੀ ਦਾ ਆਖਣਾ ਹੈ ਕਿ ਸਰਕਾਰਾਂ ਉਨ੍ਹਾਂ ਦੀਆਂ ਮੰਗਾਂ ਸਬੰਧੀ ਲਗਾਤਾਰ ਟਾਲ ਮਟੋਲ ਕਰਦੀਆਂ ਆ ਰਹੀਆਂ ਹਨ, ਪਰ ਉਹ ਆਪਣੀਆਂ ਮੰਗਾਂ ਮੰਨਵਾਏ ਬਿਨਾ ਇਹ ਹੜਤਾਲ ਨਹੀਂ ਖੋਲ੍ਹਣਗੇ।