ਕਾਗਜ਼ ਦਾਖ਼ਲ ਕਰਵਾਉਣ ਲਈ ਉਮੀਦਵਾਰਾਂ ਦੀ ਲੱਗੀ ਭੀੜ
ਨਗਰ ਕੌਂਸਲ ਮਾਨਸਾ
Publish Date: Sat, 16 May 2026 07:57 PM (IST)
Updated Date: Sun, 17 May 2026 04:13 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਨਗਰ ਕੌਂਸਲ ਮਾਨਸਾ ਚੋਣਾਂ ਨੂੰ ਲੈ ਕੇ ਕਾਗਜ਼ ਦਾਖਲ ਕਰਵਾਉਣ ਦੀ ਅੱਜ ਆਖਰੀ ਤਾਰੀਖ ਮੌਕੇ ਉਮੀਦਵਾਰਾਂ ਦਾ ਦਫ਼ਤਰ ਆਉਣ ਦਾ ਜਮਾਵੜਾ ਲੱਗਿਆ ਰਿਹਾ। ਭਾਵੇਂਕਿ ਗਰਮੀ ਕਾਫ਼ੀ ਸੀ ਪਰ ਅੱਜ ਉਮੀਦਵਾਰਾਂ ਵੱਲੋਂ ਆਪਣੇ ਕਾਗਜ਼ਾਂ ਨੂੰ ਦਾਖਲ ਕਰਵਾ ਕੇ ਆਖਰੀ ਰੂਪ ਦਿੱਤਾ ਗਿਆ। ਇਸ ਦੌਰਾਨ ਅਲੱਗ ਅਲੱਗ ਪਾਰਟੀਆਂ ਦੇ ਉਮੀਦਵਾਰਾਂ ਨੇ ਅੱਜ ਆਪਣੇ ਕਾਗਜ਼ ਭਰੇ। ਵਿਧਾਇਕ ਡਾ. ਵਿਜੇ ਸਿੰਗਲਾ ਵੱਲੋਂ ਵੀ ਆਪ ਦੇ ਉਮੀਦਵਾਰਾਂ ਦੇ ਕਾਗਜ਼ ਭਰਵਾਏ ਗਏ , ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਵੱਲੋਂ ਆਪਣੇ ਉਮੀਦਵਾਰਾਂ ਦੇ ਕਾਗਜ਼ ਭਰਵਾਏ ਗਏ। ਕਾਂਗਰਸੀ ਆਗੂ ਮਾਈਕਲ ਗਾਗੋਵਾਲ, ਬੀਰਇੰਦਰ ਧਾਲੀਵਾਲ ਵੱਲੋਂ ਵੀ ਉਮੀਦਵਾਰਾਂ ਦੇ ਕਾਗਜ਼ ਭਰਵਾਏ ਗਏ। ਵਿਧਾਇਕ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਆਪ ਦੀ ਸਰਕਾਰ ਵੱਲੋਂ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਉਨ੍ਹਾਂ ਦੇ ਉਮੀਦਵਾਰ ਜਿੱਤ ਹਾਸਲ ਕਰਨਗੇ। ਵਾਰਡ-2 ਤੋਂ ਕਾਗਜ਼ ਭਰਨ ਆਏ ਆਪ ਉਮੀਦਵਾਰ ਰਾਮਪਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਅੱਜ ਆਪਣੇ ਕਾਗਜ਼ ਭਰੇ ਗਏ ਹਨ। ਉਨ੍ਹਾਂ ਦੇ ਨਾਲ ਵੋਟਰ ਹਨ ਅਤੇ ਉਹ ਲਗਾਤਾਰ ਆਪਣੇ ਵਾਰਡ ’ਚ ਵਿਕਾਸ ਕਾਰਜ ਕਰਵਾ ਰਹੇ ਹਨ। ਆਪ ਦੇ ਉਮੀਦਵਾਰ ਸੁਨੀਲ ਕੁਮਾਰ ਨੀਨੂ ਨੇ ਵੀ ਕਾਗਜ਼ ਭਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੰਮ ਕਰਵਾਏ ਹਨ ਤੇ ਵੋਟਰ ਉਨ੍ਹਾਂ ਦਾ ਸਾਥ ਦੇਣਗੇ। ਵਿਨੋਦ ਕੁਮਾਰ ਭੰਮਾ ਵੱਲੋਂ ਅੱਜ ਵਾਰਡ ਨੰਬਰ. 24 ‘ਚੋਂ ਆਜ਼ਾਦ ਉਮੀਦਵਾਰ ਵੱਜੋਂ ਕਾਗਜ਼ ਭਰੇ ਗਏ। ਭਾਜਪਾ ਵੱਲੋਂ ਗੁਰਤੇਜ ਸਿੰਘ ਤੇਜੀ ਵੱਲੋਂ ਆਪਣੇ ਕਾਗਜ਼ ਦਾਖਲ ਕਰਵਾੲਗੇ ਏ। ਐਮਕੇ ਗਿੱਲ ਵੱਲੋਂ ਕਾਂਗਰਸ ਦੇ ਉਮੀਦਵਾਰ ਵੱਜੋਂ ਵਾਰਡ ਨੰਬਰ. 2 ਤੋਂ ਕਾਗਜ਼ ਦਾਖਲ ਕਰਵਾਏ ਗਏ।