‘ਆਪ’ ਦੇ ਉਮੀਦਵਾਰਾਂ ਦੇ ਇਕੱਠੇ ਅੰਦਰ ਜਾਣ ’ਤੇ ਹੋਇਆ ਹੰਗਾਮਾ
ਨਗਰ ਕੌਂਸਲ ਚੋਣਾਂ ਦੇ
Publish Date: Sat, 16 May 2026 07:30 PM (IST)
Updated Date: Sun, 17 May 2026 04:13 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਨਗਰ ਕੌਂਸਲ ਚੋਣਾਂ ਦੇ ਕਾਗਜ਼ ਦਾਖਲ ਕਰਵਾਉਣ ਸਮੇਂ ਉਦੋਂ ਹੰਗਾਮਾ ਹੋ ਗਿਆ, ਜਦ ਆਪ ਦੇ ਵਿਧਾਇਕ ਵਿਜੇ ਸਿੰਗਲਾ ਆਪਣੇ ਉਮੀਦਵਾਰਾਂ ਨਾਲ ਕਾਗਜ਼ ਭਰਵਾਉਣ ਲਈ ਅੰਦਰ ਦਾਖਲ ਹੋਏ। ਕਮਰੇ ਦੇ ਬਾਹਰ ਖੜ੍ਹੇ ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਨੇ ਇਸ ’ਤੇ ਇਤਰਾਜ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਕਾਫ਼ੀ ਸਮਾਂ ਖੜ੍ਹਿਆਂ ਬਾਹਰ ਹੋ ਗਿਆ ਹੈ, ਪਰ ਆਪ ਦੇ ਉਮੀਦਵਾਰ ਜਲਦੀ ਅੰਦਰ ਚਲੇ ਗਏ ਹਨ। ਇਸ ਦੌਰਾਨ ਰੌਲਾ ਪੈਣ ਦੇ ਅਸਾਰ ਬਣਨ ’ਤੇ ਪੁਲਿਸ ਮੁਲਾਜ਼ਮਾਂ ਵੱਲੋਂ ਉਮੀਦਵਾਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤੇ ਫ਼ਿਰ ਇੱਕ ਜਾਂ ਦੋ ਉਮੀਦਵਾਰ ਹੀ ਅੰਦਰ ਭੇਜੇ ਜਾਣ ਲੱਗੇ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਕਿਹਾ ਕਿ ਆਪ ਦੇ ਉਮੀਦਵਾਰਾਂ ਨੂੰ ਅੰਦਰ ਭੇਜਿਆ ਜਾ ਰਿਹਾ ਹੈ, ਪਰ ਹੋਰਨਾਂ ਪਾਰਟੀਆਂ ਦੇ ਉਮੀਦਵਾਰ ਬਾਹਰ ਖੜ੍ਹੇ ਹਨ। ਪ੍ਰਸ਼ਾਸਨ ਵੱਲੋਂ ਨਾ ਇੱਥੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਨਾ ਹੀ ਪੱਖੇ ਚੱਲਦੇ ਹਨ। ਗਰਮੀ ‘ਚ ਆ ਕੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮੱਰਥਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂਕਿ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਆਉਣ ਵਾਲੇ ਉਮੀਦਵਾਰਾਂ ਲਈ ਬੈਠਣ ਦਾ ਅਤੇ ਪਾਣੀ ਪੀਣ ਆਦਿ ਦਾ ਪ੍ਰਬੰਧ ਹੁੰਦਾ। ਇਸ ਤਰ੍ਹਾਂ ਧੱਕਾ ਮੁੱਕੀ ਨਾ ਹੁੰਦੀ। ਇਸ ਦੌਰਾਨ ਸਾਬਕਾ ਪ੍ਰਧਾਨ ਕਾਂਗਰਸ ਮਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਖੜ੍ਹਿਆਂ ਕਾਫ਼ੀ ਸਮਾਂ ਹੋ ਗਿਆ ਅਤੇ ਆਪ ਦੇ ਉਮੀਦਵਾਰ ਪਹਿਲਾਂ ਚਲੇ ਗਏ। ਭਾਜਪਾ ਆਗੂ ਮੰਜੂ ਮਿੱਤਲ ਅਤੇ ਪੂਨਮ ਸ਼ਰਮਾ ਦਾ ਕਹਿਣਾ ਸੀ ਕਿ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਇੱਕ ਇੱਕ ਕਰਕੇ ਭੇਜਿਆ ਜਾਂਦਾ ਹੈ, ਜਦੋਂਕਿ ਆਪ ਦੇ ਉਮੀਦਵਾਰ ਇਕੱਠੇ ਚਲੇ ਗਏ ਹਨ। ਉਧਰ, ਵਿਧਾਇਕ ਵਿਜੇ ਸਿੰਗਲਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਸੀ। ਉਹ ਆਪਣੇ ਉਮੀਦਵਾਰਾਂ ਦੇ ਕਾਗਜ਼ ਭਰਵਾਉਣ ਲਈ ਆਏ ਸਨ ਅਤੇ ਕਿਸੇ ਨਾਲ ਕੋਈ ਅਜਿਹਾ ਧੱਕਾ ਨਹੀਂ ਹੋਇਆ। ਇਹ ਬੇਬੁਨਿਆਦ ਗੱਲਾਂ ਕੀਤੀਆਂ ਜਾ ਰਹੀਆਂ ਹਨ।