ਚੋਣਾਂ ਸਬੰਧੀ ਫਲੈਕਸਾਂ ਨਾਲ ਭਰੀਆਂ ਕੰਧਾਂ ਤੇ ਖੰਭੇ
ਮਾਨਸਾ ਵਿੱਚ ਨਗਰ ਕੌਂਸਲ ਚੋਣਾਂ ਦਾ ਮਾਹੌਲ
Publish Date: Sun, 17 May 2026 06:29 PM (IST)
Updated Date: Mon, 18 May 2026 04:16 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਨਗਰ ਕੌਂਸਲ ਚੋਣਾਂ ਦੀ ਜਿਉਂ ਜਿਉਂ ਤਾਰੀਖ 26 ਮਈ ਨੇੜੇ ਆਉਂਦੀ ਜਾ ਰਹੀ ਹੈ, ਉਵੇਂ ਉਵੇਂ ਨਗਰ ਕੌਂਸਲ ਚੋਣਾਂ ਦਾ ਅਖਾੜਾ ਭਖਣ ਲੱਗਿਆ ਹੈ। ਕੰਧਾਂ ਅਤੇ ਖੰਭੇ ਫਲੈਕਸਾਂ ਨਾਲ ਭਰੇ ਹੋਏ ਹਨ ਅਤੇ ਮਾਹੌਲ ਚੋਣਾਂ ਦਾ ਬਣ ਰਿਹਾ ਹੈ। ਉਮੀਦਵਾਰਾਂ ਵੱਲੋਂ ਆਪਣੇ ਆਪਣੇ ਵਾਰਡਾਂ ਵਿੱਚ ਪਾਰਟੀਆਂ ਦੇ ਦਫ਼ਤਰ ਖੋਲ੍ਹਣੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸ਼ਹਿਰ ਦੀਆਂ ਗਲੀਆਂ, ਮੌੜਾਂ ਅਤੇ ਮੁਹੱਲਿਆਂ ਵਿੱਚ ਫ਼ਲੈਕਸਾਂ ਅਤੇ ਬੈਨਰਾਂ ਦੀ ਭਰਮਾਰ ਦਿਖਾਈ ਦੇ ਰਹੀ ਹੈ, ਜਿਸ ਨਾਲ ਚੋਣ ਮਾਹੌਲ ਪੂਰ੍ਹੀ ਤਰ੍ਹਾਂ ਬਣਦਾ ਨਜ਼ਰ ਆ ਰਿਹਾ ਹੈ। ਇੱਕ ਪਾਸੇ ਜਿੱਥੇ ਉਮੀਦਵਾਰਾਂ ਵੱਲੋਂ ਵੱਡੀ ਗਿਣਤੀ ਵਿੱਚ ਫ਼ਲੈਕਸਾਂ ਲਗਾਈਆਂ ਜਾ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਉਹ ਆਪਣੇ ਵੋਟਰਾਂ ਨਾਲ ਸੰਪਰਕ ਵਧਾਉਣ ਲਈ ਦਿਨ ਰਾਤ ਘਰ-ਘਰ ਜਾ ਰਹੇ ਹਨ। ਕਈ ਉਮੀਦਵਾਰ ਡੋਰ-ਟੂ-ਡੋਰ ਮੁਹਿੰਮ ਚਲਾ ਰਹੇ ਹਨ, ਜਦਕਿ ਕੁਝ ਫ਼ੋਨ ਰਾਹੀਂ ਵੀ ਵੋਟਰਾਂ ਨਾਲ ਤਾਲਮੇਲ ਬਣਾ ਰਹੇ ਹਨ ਅਤੇ ਸਮਰਥਨ ਦੀ ਅਪੀਲ ਕਰ ਰਹੇ ਹਨ। ਗਰਮੀ ਦੇ ਮੌਸਮ ਕਾਰਨ ਦੁਪਹਿਰ ਵੇਲੇ ਉਮੀਦਵਾਰ ਤੇ ਉਨ੍ਹਾਂ ਦੇ ਸਮਰਥਕ ਘੱਟ ਨਜ਼ਰ ਆਉਂਦੇ ਹਨ, ਪਰ ਸਵੇਰੇ ਅਤੇ ਸ਼ਾਮ ਦੇ ਸਮੇਂ ਚੋਣ ਸਰਗਰਮੀਆਂ ਵਿੱਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ।
ਨਗਰ ਕੌਂਸਲ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਉਮੀਦਵਾਰ ਅਤੇ ਉਨ੍ਹਾਂ ਦੇ ਵਰਕਰ ਆਪਣੀਆਂ ਪਾਰਟੀਆਂ ਦੇ ਝੰਡਿਆਂ ਅਤੇ ਨਿਸ਼ਾਨਾਂ ਨਾਲ ਲੋਕਾਂ ਵਿੱਚ ਪਹੁੰਚ ਕਰਦੇ ਦਿਖਾਈ ਦੇ ਰਹੇ ਹਨ। ਸ਼ਹਿਰ ਦਾ ਚੋਣ ਮਾਹੌਲ ਪੂਰੀ ਤਰ੍ਹਾਂ ਰੰਗ ਵਿੱਚ ਆਉਂਦਾ ਨਜ਼ਰ ਆ ਰਿਹਾ ਹੈ।