ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ
ਬੀਤੀ ਦੇਰ ਸ਼ਾਮ ਸਰਦੂਲਗੜ੍ਹ ਕੌਮੀ ਮਾਰਗ
Publish Date: Thu, 14 May 2026 07:14 PM (IST)
Updated Date: Thu, 14 May 2026 07:15 PM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ ਸਰਦੂਲਗੜ੍ਹ : ਬੀਤੀ ਦੇਰ ਸ਼ਾਮ ਸਰਦੂਲਗੜ੍ਹ ਕੌਮੀ ਮਾਰਗ ਤੇ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ, ਜਦ ਇੱਕ ਟਰੱਕ ਗਲਤ ਸਾਈਡ ਵੱਲ ਆ ਰਿਹਾ ਸੀ ਤਾਂ ਆਪਣੀ ਸਾਈਡ ਤੇ ਸਰਦੂਲਗੜ੍ਹ ਤੋਂ ਸਿਰਸੇ ਵੱਲ ਜਾ ਰਹੇ ਮੋਟਰਸਾਈਕਲ ਸਵਾਰ ਅਤੇ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਸਿਰਸਾ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਅਮਰ ਸਿੰਘ ਪੁੱਤਰ ਰਾਮ ਮੂਰਤੀ ਵਾਸੀ ਝੰਡਾ ਖੁਰਦ ਸਰਦੂਲਗੜ੍ਹ ਵਿਖੇ ਆੜ੍ਹਤ ਦੀ ਦੁਕਾਨ ‘ਤੇ ਨੌਕਰੀ ਕਰਦਾ ਹੈ ਅਤੇ ਸ਼ਾਮ ਵੇਲੇ ਆਪਣੇ ਘਰ ਪਿੰਡ ਝੰਡਾ ਕਲਾਂ ਜਾ ਰਿਹਾ ਸੀ ਤਾਂ ਰਸਤੇ ਵਿੱਚ ਐਫ਼ਸੀਆਈ ਦੇ ਗੋਦਾਮਾਂ ਨਜ਼ਦੀਕ ਇਹ ਹਾਦਸਾ ਵਾਪਰ ਗਿਆ। ਹਾਦਸੇ ਸਬੰਧੀ ਜਦ ਥਾਣਾ ਮੁਖੀ ਪੁਸ਼ਪਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੌਕੇ ਤੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਟਰੱਕ ਚਾਲਕ ਫ਼ਰਾਰ ਹੈ। ਮੋਟਰਸਾਈਕਲ ਸਵਾਰ ਅਮਰ ਸਿੰਘ ਦੀ ਹਾਲਤ ਗੰਭੀਰ ਹੋਣ ਦੇ ਕਾਰਨ ਹਾਲੇ ਤੱਕ ਉਨ੍ਹਾਂ ਦੇ ਬਿਆਨ ਦਰਜ ਨਹੀਂ ਕੀਤੇ ਗਏ। ਜਿਉਂ ਹੀ ਉਨ੍ਹਾਂ ਦੇ ਬਿਆਨ ਸਾਹਮਣੇ ਆਉਣਗੇ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਕੌਮੀ ਮਾਰਗ ‘ਤੇ ਐਫ਼ਸੀਆਈ ਗੋਦਾਮਾਂ ਨੇੜੇ ਕੌਮੀ ਮਾਰਗ ਵਿੱਚ ਕੱਟ ਨਾ ਹੋਣ ਕਾਰਨ ਗੋਦਾਮਾਂ ਵਿੱਚੋਂ ਮਾਲ ਭਰਨ ਅਤੇ ਖਾਲੀ ਕਰਨ ਲਈ ਟਰੱਕ ਉਲਟ ਸਾਈਡ ਹੀ ਆਉਂਦੇ ਜਾਂਦੇ ਹਨ। ਇਸ ਨਾਲ ਇਸ ਜਗ੍ਹਾ ਤੇ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। ਸ਼ਹਿਰ ਵਿੱਚ ਕੌਮੀ ਮਾਰਗ ਤੇ ਗੱਲਤ ਸਾਈਡ ਚੱਲਣ ਵਾਲੇ ਵਹੀਕਲਾਂ ਦੇ ਕਾਰਨ ਹਮੇਸ਼ਾ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਪਰ ਪੁਲਿਸ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਭਾਵੇਂ ਬੱਸ ਸਟੈਂਡ ਨਜ਼ਦੀਕ ਕਈ ਵਾਰ ਪੁਲਿਸ ਮੁਲਾਜ਼ਮਾਂ ਵੱਲੋਂ ਨਾਕਾ ਜ਼ਰੂਰ ਲਗਾਇਆ ਜਾਂਦਾ ਹੈ ਪਰ ਸੜਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।