ਟੁੱਟੇ ਰਜਬਾਹੇ ਨੂੰ ਦੂਜੇ ਦਿਨ ਵੀ ਨਾ ਭਰਿਆ
ਮਾਨਸਾ ਜ਼ਿਲ੍ਹੇ ’ਚ ਚਕੇਰੀਆ
Publish Date: Mon, 04 May 2026 08:21 PM (IST)
Updated Date: Tue, 05 May 2026 04:15 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਜ਼ਿਲ੍ਹੇ ’ਚ ਚਕੇਰੀਆ ਫ਼ਾਟਕ ਨੇੜੇ ਬਣ ਰਹੇ ਅੰਡਰਬ੍ਰਿਜ ਦੇ ਕੋਲ ਰਜਵਾਹਾ ਟੁੱਟਣ ਬਾਅਦ ਅੱਜ ਦੂਜੇ ਦਿਨ ਵੀ ਭਰਿਆ ਨਹੀਂ ਜਾ ਸਕਿਆ। ਭਾਵੇਂ ਅੰਡਰਬ੍ਰਿਜ ਦੇ ਅਧਿਕਾਰੀ, ਕਰਮਚਾਰੀ ਅਤੇ ਮਜ਼ਦੂਰ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਗੱਟਿਆਂ ਵਿੱਚ ਮਿੱਟੀ ਭਰ ਕੇ ਦਰਾਰ ਨੂੰ ਭਰਨ ਦੀ ਕੋਸ਼ਿਸ਼ ਕਰਦੇ ਰਹੇ। ਪਰ ਸੋਮਵਾਰ ਦੇਰ ਸ਼ਾਮ ਤੱਕ ਵੀ ਪਾਣੀ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਇੱਥੇ ਦੱਸਣਯੋਗ ਹੈ ਕਿ ਐਤਵਾਰ ਦੁਪਹਿਰ ਵੇਲੇ ਅਚਾਨਕ ਰਜਵਾਹੇ ਵਿੱਚ ਦਰਾਰ ਪੈਣ ਨਾਲ ਅੰਡਰਬ੍ਰਿਜ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਅਤੇ ਮਜ਼ਦੂਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਕੰਮ ਕਰ ਰਹੀ ਪੋਕਲੇਨ ਮਸ਼ੀਨ ਵੀ ਪਾਣੀ ਵਿੱਚ ਡੁੱਬ ਗਈ। ਸਥਾਨਕ ਲੋਕਾਂ ਵੱਲੋਂ ਇਹ ਵੀ ਚਿੰਤਾ ਜਤਾਈ ਜਾ ਰਹੀ ਸੀ ਕਿ ਰਜਵਾਹੇ ਵਿੱਚ ਨਹਾ ਰਹੇ ਕੁਝ ਬੱਚੇ ਵੀ ਪਾਣੀ ਵਿੱਚ ਫਸੇ ਹੋ ਸਕਦੇ ਹਨ। ਅੰਡਰਬ੍ਰਿਜ ਵਿੱਚ ਭਰੇ ਪਾਣੀ ਅਤੇ ਡੁੱਬੀ ਪੋਕਲੇਨ ਮਸ਼ੀਨ ਨੂੰ ਕੱਢਣ ਲਈ ਮਜ਼ਦੂਰ ਲਗਾਤਾਰ ਮਿਹਨਤ ਕਰ ਰਹੇ ਹਨ। ਮੌਕੇ ‘ਤੇ ਮੌਜੂਦ ਅਧਿਕਾਰੀਆਂ ਵੱਲੋਂ ਦਰਾਰ ਨੂੰ ਜਲਦ ਭਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਇੱਥੇ ਕੋਈ ਵੱਡਾ ਸੁਧਾਰ ਨਹੀਂ ਹੋ ਸਕਿਆ।