ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਬੁਢਲਾਡਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਬੁਢਲਾਡਾ ਦੀ ਮੀਟਿੰਗ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰਦੁਆਰਾ ਵਿਖੇ ਬਲਾਕ ਪ੍ਰਧਾਨ ਬਲਦੇਵ ਸਿੰਘ ਪਿਪਲੀਆਂ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਕਿਸਾਨਾਂ ਦੇ ਭਖਦੇ ਮਸਲਿਆਂ ’ਤੇ ਵਿਚਾਰ ਕਰਨ ਉਪਰੰਤ ਫ਼ੈਸਲਾ ਹੋਇਆ ਕਿ ਜ਼ਿਲ੍ਹੇ ਭਰ ਦੀਆਂ ਸਹਿਕਾਰੀ ਬੈਂਕ ਬ੍ਰਾਂਚਾਂ ਸਾਹਮਣੇ 6 ਮਈ 2026 ਨੂੰ ਰੋਹ ਭਰਪੂਰ ਧਰਨੇ ਦਿੱਤੇ ਗਏ ਕਿਉਂਕਿ ਸਹਿਕਾਰੀ ਬੈਂਕਾਂ ਵੱਲੋਂ ਸਾਉਣੀ ਸੀਜ਼ਨ ਲਈ ਕਿਸਾਨਾਂ ਨੂੰ ਕਰਜ਼ਾ ਦੇਣ ਤੋਂ ਜਵਾਬ ਦਿੱਤਾ ਜਾ ਰਿਹਾ ਹੈ। ਹਾੜ੍ਹੀ ਦਾ ਸੀਜ਼ਨ ਲੰਘ ਜਾਣ ਤੇ ਵੀ ਕਿਸਾਨਾਂ ਦੇ ਸਾਲ 26-27 ਦੇ ਹੱਦ ਕਰਜ਼ੇ ਅਜੇ ਤੱਕ ਮਨਜ਼ੂਰ ਨਹੀਂ ਕੀਤੇ ਗਏ ਅਤੇ ਸਹਿਕਾਰੀ ਵਿਭਾਗ ਵੱਲੋਂ ਕਿਸਾਨਾਂ ਦੇ ਸਹਿਕਾਰੀ ਸਭਾਵਾਂ ਵਿੱਚ ਪ੍ਰਤੀ ਏਕੜ ਵਧਾਈ ਗਈ ਰਾਸ਼ੀ ਨੂੰ ਜਾਰੀ ਕਰਨ ਦੀ ਬਜਾਏ ਸਮੁੱਚੇ ਕਿਸਾਨਾਂ ਦੇ ਹੱਦ ਕਰਜ਼ੇ ਰੋਕ ਦਿੱਤੇ ਗਏ ਹਨ। ਕਿਸਾਨਾਂ ਨੇ ਕਣਕ ਦੀ ਫ਼ਸਲ ਵੇਚ ਕੇ ਆਪਣੇ ਪਿਛਲੇ ਕਰਜ਼ੇ ਦੀਆਂ ਕਿਸ਼ਤਾਂ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤੀਆਂ ਹਨ, ਪਰ ਅਗਲੀ ਫ਼ਸਲ ਦੀ ਬਿਜਾਈ ਜ਼ੋਰਾਂ ‘ਤੇ ਹੈ। ਕਿਸਾਨਾਂ ਨੂੰ ਖਾਦ ਬੀਜ ਤੇ ਨਕਦ ਕਰਜ਼ੇ ਦੀ ਅਤੀ ਜ਼ਰੂਰਤ ਹੈ। ਪਰ ਸਹਿਕਾਰੀ ਬੈਂਕ ਕਰਜ਼ਾ ਦੇਣ ਤੋਂ ਕਿਨਾਰਾ ਕਰ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਗਿਆ। ਇਸ ਕਰਕੇ ਮਾਨਸਾ ਜ਼ਿਲ੍ਹੇ ਭਰ ਦੀਆਂ ਸਹਿਕਾਰੀ ਬੈਂਕਾਂ ਦੀਆਂ ਬ੍ਰਾਂਚਾਂ ਸਾਹਮਣੇ ਵੱਡੀ ਪੱਧਰ ’ਤੇ ਕਿਸਾਨ ਧਰਨਿਆਂ ਵਿੱਚ ਸ਼ਾਮਿਲ ਹੋਏ। ਮੀਟਿੰਗ ਵਿੱਚ ਦੂਸਰੇ ਏਜੰਡੇ ਰਾਹੀਂ ਫ਼ੈਸਲਾ ਕੀਤਾ ਗਿਆ ਕਿ ਪਿੰਡ ਹਸਨਪੁਰ ਦੇ ਨੌਜਵਾਨ ਦਵਿੰਦਰ ਸਿੰਘ ਦੇ ਖੁਦਕੁਸ਼ੀ ਮਾਮਲੇ ਦੇ ਰਹਿੰਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਜੋ ਮਾਨਸਾ ਐੱਸਐੱਸਪੀ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ ਸੀ ਤਾਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਜਲਦ ਹੀ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪ੍ਰੰਤੂ ਅਜੇ ਤੱਕ ਰਹਿੰਦੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤੇ। ਇਸ ਸਬੰਧੀ ਇਕ ਹਫ਼ਤੇ ਦਾ ਅਲਟੀਮੇਟਮ ਦੇ ਕੇ ਮੰਗ ਕੀਤੀ ਕਿ ਰਹਿੰਦੇ ਦੋ ਦੋਸ਼ੀਆਂ ਨੂੰ ਤੁਰੰਤ ਨਾਮਜ਼ਦ ਕਰਕੇ ਜੇਲ੍ਹ ਭੇਜਿਆ ਜਾਵੇ। ਇੱਕ ਹਫ਼ਤੇ ਬਾਅਦ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਜੱਥੇਬੰਦੀ ਵੱਲੋਂ ਮਾਨਸਾ ਐਸਐਸਪੀ ਦਫ਼ਤਰ ਸਾਹਮਣੇ ਦੁਆਰਾ ਮੋਰਚਾ ਸ਼ੁਰੂ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਮੀਟਿੰਗ ’ਚ ਇਸ ਮੌਕੇ ਕਿਸਾਨ ਆਗੂਆਂ ਨੇ ਕੁਲਵੰਤ ਸਿੰਘ ਕਿਸ਼ਨਗੜ੍ਹ, ਤਾਰਾ ਚੰਦ ਬਰੇਟਾ, ਸੱਤਪਾਲ ਸਿੰਘ ਬਰ੍ਹੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜ਼ਮੈਂਟ ਬੋਰਡ ਬਾਰੇ ਜਾਰੀ ਕੀਤੇ ਗਏ ਪੰਜਾਬ ਵਿਰੋਧੀ ਨੋਟੀਫ਼ਿਕੇਸ਼ਨ ਨੂੰ ਰੱਦ ਕਰਵਾਉਣ ਦੀ ਮੰਗ ਸਬੰਧੀ ਸੰਯੁਕਤ ਕਿਸਾਨ ਮੋਰਚੇ ਵੱਲੋਂ 15 ਮਈ ਨੂੰ ਚੰਡੀਗੜ੍ਹ ਰਾਜ ਭਵਨ ਘੇਰਨ ਦੇ ਦਿੱਤੇ ਸੱਦੇ ਦੇ ਸਬੰਧ ’ਚ ਭਾਕਿਯੂ ਏਕਤਾ ਡਕੌਂਦਾ (ਧਨੇਰ) ਵੱਲੋਂ ਬਲਾਕ ਬੁਢਲਾਡਾ ਤੋਂ ਵੱਡੇ ਕਾਫ਼ਲੇ ਨਾਲ ਸ਼ਮੂਲੀਅਤ ਕੀਤੀ ਜਾਵੇਗੀ। ਇਸ ਦੇ ਸੰਬੰਧ ਵਿੱਚ ਅੱਜ ਦੀ ਮੀਟਿੰਗ ਦੌਰਾਨ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕੀਤੀ ਗਈ। ਆਗੂਆਂ ਨੇ ਕਿਸਾਨਾਂ ਨੂੰ ਸੰਘਰਸ਼ ਦੀ ਸਫ਼ਲਤਾ ਲਈ ਹੁੰਮ ਹੁਮਾ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ। ਮੀਟਿੰਗ ’ਚ ਜ਼ਿਲ੍ਹਾ ਖਜਾਨਚੀ ਦੇਵੀ ਰਾਮ ਰੰਗੜਿਆਲ, ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਗੁਰਨੇ ਕਲਾਂ, ਬਲਾਕ ਬੁਢਲਾਡਾ ਜਨਰਲ ਸਕੱਤਰ ਮੇਲਾ ਸਿੰਘ ਦਿਆਲਪੁਰਾ, ਖਜ਼ਾਨਚੀ ਜਗਜੀਵਨ ਸਿੰਘ ਹਸਨਪੁਰ, ਤੇਜ ਰਾਮ ਅਹਿਮਦਪੁਰ ਹੋਰ ਆਗੂ ਵਰਕਰ ਸ਼ਾਮਿਲ ਸਨ।