ਪੰਜਾਬ ਬਾਰ ਕੌਂਸਲ ਦੀਆਂ ਚੋਣਾਂ 17 ਅਤੇ 18

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਬਾਰ ਕੌਂਸਲ ਦੀਆਂ ਚੋਣਾਂ 17 ਅਤੇ 18 ਮਾਰਚ ਨੂੰ ਹੋਣ ਜਾ ਰਹੀਆਂ ਹਨ। ਇਸ ਸਬੰਧੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਵੱਲੋਂ ਸੀਨੀਅਰ ਐਡਵੋਕੇਟ ਸ਼ਿਵਾਲੀ ਸ਼ਰਮਾ ਬਾਕਾਂ ਦੇ ਹੱਕ ਵਿੱਚ ਵਿਸ਼ੇਸ਼ ਮੀਟਿੰਗ ਕੀਤਾ ਗਈ। ਜ਼ਿਲ੍ਹਾ ਪ੍ਰਧਾਨ ਗੁਰਦਾਸ ਸਿੰਘ ਮਾਨ ਅਤੇ ਸਕੱਤਰ ਮਨਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਵਕੀਲਾਂ ਨੇ ਹਾਜ਼ਰੀ ਭਰੀ। ਇਸ ਮੀਟਿੰਗ ਵਿੱਚ ਬਾਰ ਕੌਂਸਲ ਮੈਂਬਰ ਲਈ ਚੋਣ ਲੜ ਰਹੀ ਐਡਵੋਕੇਟ ਸ਼ਿਵਾਲੀ ਸ਼ਰਮਾ ਬਾਕਾਂ ਦੇ ਹੱਕ ਵਿੱਚ ਸਮਰਥਨ ਦਾ ਐਲਾਨ ਕੀਤਾ ਗਿਆ। ਸੀਨੀਅਰ ਐਡਵੋਕੇਟ ਅਜੀਤ ਸਿੰਘ ਭੰਗੂ ਅਤੇ ਹਰਿੰਦਰ ਸ਼ਰਮਾ ਨੇ ਦੱਸਿਆ ਕਿ ਐਡਵੋਕੇਟ ਸ਼ਿਵਾਲੀ ਸ਼ਰਮਾ ਮਾਲਵਾ ਜ਼ੋਨ ਤੋਂ ਚੋਣ ਲੜ ਰਹੀ ਇਕੱਲੀ ਮਹਿਲਾ ਉਮੀਦਵਾਰ ਹਨ। ਉਨ੍ਹਾਂ ਦਾ ਪੂਰਾ ਪਰਿਵਾਰ ਕਾਨੂੰਨੀ ਪੇਸ਼ੇ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੇ ਪਿਤਾ ਦਵਿੰਦਰ ਸ਼ਰਮਾ ਲੰਬੇ ਸਮੇਂ ਤੋਂ ਮਾਨਸਾ ਜ਼ਿਲ੍ਹਾ ਕਚਹਿਰੀ ਵਿਖੇ ਪ੍ਰੈਕਟਿਸ ਕਰ ਰਹੇ ਹਨ, ਕਾਨੂੰਨੀ ਭਾਈਚਾਰੇ ਵਿੱਚ ਉਨ੍ਹਾਂ ਦੀ ਵੱਡੀ ਇੱਜ਼ਤ ਹੈ। ਇਸ ਤੋਂ ਇਲਾਵਾ ਸ਼ਿਵਾਲੀ ਸ਼ਰਮਾ ਦੇ ਪਤੀ ਵੀ ਕਾਨੂੰਨੀ ਪੇਸ਼ੇ ਨਾਲ ਜੁੜੇ ਹੋਏ ਹਨ।
ਇਸ ਮੌਕੇ ਉਮੀਦਵਾਰ ਐਡਵੋਕੇਟ ਸ਼ਿਵਾਲੀ ਸ਼ਰਮਾ ਬਾਕਾਂ ਨੇ ਕਿਹਾ ਕਿ ਇਸ ਵਾਰ ਬਾਰ ਕੌਂਸਲ ਦੀਆਂ ਚੋਣਾਂ ਵਿੱਚ ਨਵੇਂ ਅਤੇ ਯੋਗ ਉਮੀਦਵਾਰਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਪੇਸ਼ੇਵਰ ਵਿਅਕਤੀ ਹਰ ਵਾਰ ਚੋਣ ਲੜਦੇ ਆ ਰਹੇ ਹਨ, ਪਰ ਉਨ੍ਹਾਂ ਵਕੀਲਾਂ ਦੀ ਬਿਹਤਰੀ ਲਈ ਕਦੇ ਕੋਈ ਯੋਜਨਾ ਨਹੀਂ ਲਿਆਂਦੀ। ਇਸ ਲਈ ਉਨ੍ਹਾਂ ਵੱਲੋਂ ਔਰਤ ਮੈਂਬਰਾਂ ਲਈ ਵੱਖਰਾ ਮੀਟਿੰਗ ਹਾਲ ਅਤੇ ਹੋਰ ਸਹੂਲਤਾਂ ਲਾਗੂ ਕਰਵਾਉਣਗੇ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਨਵੀਂ ਸੋਚ ਅਤੇ ਨਵੀਂ ਲੀਡਰਸ਼ਿਪ ਨੂੰ ਮੌਕਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮਾਨਸਾ ਦੀ ਧੀ ਹੋਣ ਦੇ ਨਾਂ ਤੇ ਉਹ ਆਪ ਜੀ ਤੋਂ ਵੋਟ ਮੰਗਣ ਲਈ ਆਈ ਹੈ ਅਤੇ ਉਨ੍ਹਾਂ ਨੂੰ ਪੂਰਨ ਉਮੀਦ ਹੈ ਕਿ ਤੁਸੀਂ ਉਨ੍ਹਾਂ ਨੂੰ ਆਪਣੀ ਪਹਿਲੀ ਤਰਜੀਹ ਵਾਲੀ ਵੋਟ ਪਾ ਕੇ ਕਾਮਯਾਬ ਕਰੋਗੇ। ਉਨ੍ਹਾਂ ਸਮੂਹ ਵਕੀਲ ਭਾਈਚਾਰੇ ਨੂੰ ਭਰੋਸਾ ਦਿਵਾਇਆ ਕਿ ਵਕੀਲਾਂ ਦੀਆਂ ਮੁੱਖ ਸਮੱਸਿਆਵਾਂ ਜਿਵੇਂ ਲੀਗਲ ਡਿਫੈਂਸ ਯੋਜਨਾ, ਕਾਰਜ ਯੋਜਨਾ ਨੂੰ ਪਹਿਲ ਦੇ ਆਧਾਰ ’ਤੇ ਧਿਆਨ ਦੇਣਗੇ। ਐਡਵੋਕੇਟ ਸ਼ਿਵਾਲੀ ਸ਼ਰਮਾ ਮਲਵਾ ਖੇਤਰ ਦੀ ਇੱਕ ਯੋਗ ਅਤੇ ਇਮਾਨਦਾਰ ਉਮੀਦਵਾਰ ਹਨ ਅਤੇ ਮਾਨਸਾ ਨਾਲ ਉਨ੍ਹਾਂ ਦੇ ਪਰਿਵਾਰਕ ਸਬੰਧ ਹੋਣ ਕਰ ਕੇ ਇਹ ਮਾਨਸਾ ਬਾਰ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਨ੍ਹਾਂ ਨੂੰ ਭਾਰੀ ਵੋਟਾਂ ਨਾਲ ਜਿਤਾਇਆ ਜਾਵੇ ਤਾਂ ਜੋ ਮਾਨਸਾ ਦੀ ਨੁਮਾਇੰਦਗੀ ਪੰਜਾਬ ਬਾਰ ਕੌਂਸਲ ਵਿੱਚ ਹੋ ਸਕੇ। ਇਸ ਮੌਕੇ ਐਡਵੋਕੇਟ ਸ਼ਿਵਾਲੀ ਸ਼ਰਮਾ ਦੇ ਪਿਤਾ ਦੇਵਿੰਦਰ ਸ਼ਰਮਾ ਨੇ ਵਕੀਲ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਣੀ ਧੀ ਨੂੰ ਚੋਣ ਵਿੱਚ ਜਿਤਾਉਣ ਲਈ ਪਹਿਲੀ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਐਡਵੋਕੇਟ ਸ਼ਿਵਾਲੀ ਸ਼ਰਮਾ ਦਾ ਲੜੀ ਨੰਬਰ 47 ਹੈ। ਇਸ ਦੌਰਾਨ ਐਡਵੋਕੇਟ ਸ਼ਿਵਾਲੀ ਸ਼ਰਮਾ ਦੇ ਪਤੀ ਸੀਨੀਅਰ ਐਡਵੋਕੇਟ ਨਰਿੰਦਰ ਕੁਮਾਰ ਬਾਕਾਂ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਰ ਵੱਲੋਂ ਕੀਤੀ ਗਈ ਇਸ ਮੀਟਿੰਗ ਨਾਲ ਵਕੀਲ ਭਾਈਚਾਰੇ ਵਿੱਚ ਚੰਗਾ ਸੰਦੇਸ਼ ਗਿਆ ਹੈ। ਉਨ੍ਹਾਂ ਨੇ ਖਾਸ ਤੌਰ ’ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਗੁਰਦਾਸ ਸਿੰਘ, ਸਕੱਤਰ ਮਨਿੰਦਰ ਸਿੰਘ ਅਤੇ ਮੌਜੂਦ ਸਾਰੇ ਵਕੀਲ ਸਾਹਿਬਾਨ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਮੀਟਿੰਗ ਵਿੱਚ ਸ਼ਾਮਲ ਹੋ ਕੇ ਆਪਣਾ ਸਮਰਥਨ ਦਿੱਤਾ।