ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ

-ਸਾਰਥਿਕ ਹੱਲ ਤੱਕ ਉਪਰਾਲੇ ਰੱਖਾਂਗੇ ਜਾਰੀ : ਸੂਬਾ ਕਮੇਟੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਸੂਬਾ ਸਕੱਤਰ ਗੁਰਮੇਲ ਸਿੰਘ ਮਾਛੀਕੇ, ਸਰਪ੍ਰਸਤ ਸੁਰਜੀਤ ਸਿੰਘ ਲੁਧਿਆਣਾ, ਸੂਬਾ ਚੇਅਰਮੈਨ ਐੱਚਐੱਸ ਰਾਣੂ, ਸੂਬਾ ਕੈਸ਼ੀਅਰ ਰਾਕੇਸ਼ ਕੁਮਾਰ ਮਹਿਤਾ ਨੇ ਕਰਦਿਆਂ ਜੱਥੇਬੰਦੀ ਦੀ ਪਿਰਤ ਅਨੁਸਾਰ ਸੂਬੇ ਭਰ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਜ਼ਿਲ੍ਹਾ ਤੇ ਬਲਾਕ ਕਮੇਟੀਆਂ ਨੂੰ ਕਿਰਤੀਆਂ ਦੇ ਮਹਾਨ ਦਿਹਾੜੇ ਨੂੰ ਸਮੱਰਪਿਤ ਮਜ਼ਦੂਰ ਦਿਵਸ ਨੂੰ ਭਰਾਤਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਜ਼ਿਲ੍ਹਾ ਤੇ ਬਲਾਕ ਪੱਧਰ ’ਤੇ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ਲੋਟੂ ਸਰਮਾਏਦਾਰੀ ਨਿਜ਼ਾਮ ਦੀ ਬੇਕਿਰਕ ਲੁੱਟ ਤੇ ਕੰਮ ਸਮੇਂ ਵਿਚ ਕੀਤਾ ਅਥਾਹ ਵਾਧਾ ਜਦੋਂਕਿ ਕੰਮ ਦਿਹਾੜੀ ਨੂੰ ਅੱਠ ਘੰਟੇ ਸਮੇਂ ਦੀ ਮੰਗ ਨੂੰ ਜਾਨ ਹੂਲਵੇਂ ਸੰਘਰਸ਼ ਲੜ ਕੇ ਪੂਰੇ ਸੰਸਾਰ ’ਚ ਲਾਗੂ ਕਰਵਾਇਆ ਸੀ। ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਕਿਰਤੀ ਲੋਕਾਂ ਦੇ ਹੱਕ ਵਿਚ ਬਣੇ ਕਾਨੂੰਨਾਂ ਨੂੰ ਆਨੇ ਬਹਾਨੇ ਘੱਟੇ ਰੋਲਣ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਨੂੰ ਚਾਰ ਕੋਡਾਂ ਵਿੱਚ ਬਦਲ ਕੇ ਮਜ਼ਦੂਰ ਜਮਾਤ ਨਾਲ ਬੇਇਨਸਾਫ਼ੀ ਕੀਤੀ ਹੈ। ਸਰਮਾਏਦਾਰੀ ਦੇ ਹੱਕ ਵਿੱਚ ਮੁੜ ਅੱਠ ਘੰਟੇ ਦਿਹਾੜੀ ਨੂੰ 12 ਘੰਟਿਆਂ ’ਚ ਬਦਲ ਕੇ ਲਾਗੂ ਕਰ ਦਿੱਤਾ ਹੈ। ਮਜ਼ਦੂਰ ਜਮਾਤ ਪਹਿਲਾਂ ਹੀ ਘੱਟ ਉਜਰਤ ਤੇ ਵੱਧ ਰਹੀ ਮਹਿੰਗਾਈ ਕਾਰਨ ਭੁੱਖਮਰੀ ਦਾ ਸ਼ਿਕਾਰ ਹੈ। ਇਸ ਕਾਰਨ ਦੇਸ਼ ਵਿੱਚ ਮਜ਼ਦੂਰ ਵਰਗ ਸੰਘਰਸ਼ ਕਰਨ ਲਈ ਮਜਬੂਰ ਹੈ।
ਸਰਕਾਰ ਵੱਲੋਂ ਮਜ਼ਦੂਰਾਂ ਦੇ ਸੰਘਰਸ਼ ’ਤੇ ਅੰਨ੍ਹਾ ਤਸ਼ੱਦਦ ਢਾਹਿਆ ਜਾ ਰਿਹਾ ਹੈ। ਪਿਛਲੇ ਸਮੇਂ ਨੋਇਡਾ ਤੇ ਜ਼ੀਰਾ ਵਿਖੇ ਮਜ਼ਦੂਰਾਂ ’ਤੇ ਲਾਠੀਚਾਰਜ ਤੇ ਪੁਲਿਸ ਕੇਸ ਇਸ ਦੀ ਤਾਜ਼ਾ ਮਿਸਾਲ ਹੈ। ਇਸ ਲਈ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਨਿੱਜੀਕਰਨ ਦੀਆਂ ਨੀਤੀਆਂ ਖ਼ਿਲਾਫ਼ ਸਾਂਝੇ ਘੋਲਾਂ ਲਈ ਮੰਚ ਤਿਆਰ ਕਰਕੇ ਸੰਘਰਸ਼ ਕਰਨਾ ਸਮੇਂ ਦੀ ਅਹਿਮ ਲੋੜ ਹੈ। ਨਾਲ ਹੀ ਪਿਛਲੇ ਦਿਨੀਂ 16 ਅਪ੍ਰੈਲ ਨੂੰ ਪੰਜਾਬ ਭਵਨ ਵਿਖੇ ਸਰਕਾਰ ਦੀ ਕੈਬਨਿਟ ਸਬ ਕਮੇਟੀ ਨਾਲ ਵਿੱਤ ਮੰਤਰੀ ਅਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੀ ਚੇਅਰਮੈਨਸ਼ਿਪ ’ਚ ਸੂਬਾ ਆਗੂਆਂ ਦੇ ਵਫ਼ਦ ਦੀ ਹੋਈ ਮੀਟਿੰਗ ਸਬੰਧੀ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਪਾਰਟ ਟਾਈਮ ਟ੍ਰੇਨਿੰਗ ਦੇਣ ਦਾ ਭਰੋਸਾ ਦਿਵਾਇਆ ਗਿਆ ਤੇ ਮੁੜ 27 ਅਪ੍ਰੈਲ ਨੂੰ ਮਿੰਨੀ ਸਕੱਤਰੇਤ ਚੰਡੀਗੜ੍ਹ ਵਿਖੇ ਪ੍ਰਿੰਸੀਪਲ ਸਿਹਤ ਸਕੱਤਰ ਕੁਮਾਰ ਰਾਹੁਲ ਨਾਲ ਹੋਈ ਹਾਂ ਪੱਖੀ ਮੀਟਿੰਗ ਹੋਈ ਹੈ। ਪਰ ਅਮਲੀ ਰੂਪ ਵਿੱਚ ਲਾਗੂ ਕਰਵਾਉਣ ਲਈ ਹੋਰ ਸਾਰਥਿਕ ਯਤਨਾਂ ਦੀ ਅਹਿਮ ਲੋੜ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਹੈਲਥ ਪਰੋਵਾਈਡਰ ਵਰਕਰ ਦੀ ਸਿਖਲਾਈ ਜਲਦੀ ਸ਼ੁਰੂ ਕਰਵਾਉਣ ਦੀ ਮੰਗ ਦੁਹਰਾਈ ਤੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਜੱਥੇਬੰਦਕ ਤਾਕਤ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਇਸ ਸਮੇਂ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਬਟਾਲਾ, ਸੀਆਰ ਸ਼ੰਕਰ, ਜਸਵਿੰਦਰ ਸਿੰਘ ਭੋਗਲ ਅਤੇ ਮੀਤ ਪ੍ਰਧਾਨ ਦਿਲਦਾਰ ਸਿੰਘ ਚਾਹਲ ਨੇ ਮਈ ਦਿਵਸ਼ ਸਾਂਝੇ ਤੌਰ ‘ਤੇ ਮਨਾਉਣ ਦਾ ਸੱਦਾ ਦਿੱਤਾ।