ਸੁਪਰੀਮ ਕੋਰਟ ਵੱਲੋਂ ਡੋਗ ਪ੍ਰੇਮੀਆਂ ਨੂੰ ਝਟਕਾ
ਦੇਸ਼ ਦੀ ਸਰਵਉੱਚ
Publish Date: Tue, 19 May 2026 05:33 PM (IST)
Updated Date: Wed, 20 May 2026 04:04 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ. ਮਾਨਸਾ : ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਅਵਾਰਾ ਕੁੱਤਿਆਂ ਸਬੰਧੀ ਜਾਰੀ ਤਾਜ਼ਾ ਹੁਕਮਾਂ ਦੇ ਬਾਅਦ ਮਾਨਸਾ ਵਿੱਚ ਇਸ ਮੁੱਦੇ ’ਤੇ ਗੰਭੀਰ ਚਰਚਾ ਛਿੜ ਗਈ ਹੈ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਪ੍ਰਸ਼ਾਸਨ ਲਾਗੂ ਕਾਨੂੰਨਾਂ ਤੇ ਐਨੀਮਲ ਬਰਥ ਕੰਟਰੋਲ ਨਿਯਮਤਾਂ ਅਨੁਸਾਰ ਲਾਇਲਾਜ ਬਿਮਾਰ, ਰੈਬੀਜ਼ ਪੀੜਤ ਜਾਂ ਸਪੱਸ਼ਟ ਤੌਰ ’ਤੇ ਖ਼ਤਰਨਾਕ ਅਤੇ ਹਮਲਾਵਰ ਕੁੱਤਿਆਂ ਦੇ ਮਾਮਲਿਆਂ ਵਿੱਚ ਕਾਨੂੰਨੀ ਤੌਰ ’ਤੇ ਇੱਛਾ ਮ੍ਰਿਤੂ ਵਰਗੇ ਕਦਮ ਚੁੱਕੇ ਜਾ ਸਕਦੇ ਹਨ ਤਾਂ ਜੋ ਮਨੁੱਖੀ ਜੀਵਨ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਹ ਫੈਸਲਾ ਆਉਣ ਨਾਲ ਲੋਕਾਂ ਵੱਲੋਂ ਇਸ ’ਤੇ ਚਰਚਾ ਕੀਤੀ ਜਾ ਰਹੀ ਹੈ ਅਤੇ ਮਾਨਯੋਗ ਸੁਪਰੀਮ ਕੋਰਟ ਦੇ ਇਸ ਫ਼ੈਸਲੇ ਨੂੰ ਸਹੀ ਠਹਿਰਾਇਆ ਜਾ ਰਿਹਾ ਹੈ। ਸੁਪਰੀਮ ਕੋਰਟ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਸੰਜੇ ਸਿੰਘ, ਅੰਮ੍ਰਿਤ ਤੇ ਹੋਰਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫ਼ੈਸਲਾ ਸਹੀ ਹੈ। ਮਾਨਸਾ ਸ਼ਹਿਰ ਵਿੱਚ ਲਗਾਤਾਰ ਅਵਾਰਾ ਕੁੱਤਿਆਂ ਗਿਣਤੀ ਵੱਧਦੀ ਜਾ ਰਹੀ ਹੈ। ਹਮਲਾਵਰ ਤੇ ਹਲਕਾਅ ਵਾਲੇ ਕੁੱਤਿਆਂ ਦੀ ਵੀ ਗਿਣਤੀ ਵੱਧ ਰਹੀ ਹੈ। ਹਰ ਗਲੀ, ਮੁਹੱਲੇ ਵਿੱਚ ਝੁੰਡ ਬਣਾ ਕੇ ਕੁੱਤੇ ਫ਼ਿਰ ਰਹੇ ਹਨ। ਇਸ ਕਾਰਨ ਲੋਕ ਆਪਣੇ ਘਰਾਂ ‘ਚੋਂ ਬਾਹਰ ਛੋਟੇ ਬੱਚਿਆਂ ਨੂੰ ਖੇਡਣ ਵੀ ਨਹੀਂ ਦੇ ਰਹੇ। ਉਧਰ ਹਸਪਤਾਲਾਂ ’ਚ ਦੇਖਿਆ ਜਾਵੇ ਤਾਂ ਰੋਜ਼ਾਨਾ ਕੁੱਤਿਆਂ ਦੇ ਵੱਢਣ ਕਾਰਨ ਵੱਡੀ ਗਿਣਤੀ ‘ਚ ਲੋਕ ਆ ਰਹੇ ਹਨ ਅਤੇ ਉਨ੍ਹਾਂ ਨੂੰ ਟੀਕੇ ਲਗਾਉਣੇ ਪੈ ਰਹੇ ਹਨ। ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਹਮਲਾਵਰ ਕੁੱਤਿਆਂ ਦੇ ਸਬੰਧ ’ਚ ਫ਼ੈਸਲਾ ਦਿੱਤਾ ਗਿਆ ਹੈ ਇਹ ਸਹੀ ਹੈ। ਮਾਨਸਾ ਵਿੱਚ ਵੀ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਡੀਸੀ ਕੰਪਲੈਕਸ ਵਿੱਚ ਅਵਾਰਾ ਕੁੱਤੇ ਵੱਡੀ ਗਿਣਤੀ ‘ਚ ਹਨ ਅਤੇ ਨਗਰ ਕੌਂਸਲ ਦੀ ਕਾਰਗੁਜ਼ਾਰੀ ਵੀ ਕੁੱਤਿਆਂ ਦੇ ਸਬੰਧ ‘ਚ ਕੋਈ ਬਹੁਤੀ ਵਧੀਆ ਨਹੀਂ ਰਹੀ ਹੈ। ਜੋ ਨਗਰ ਕੌਂਸਲ ਕੋਲ ਇਸ ਸਬੰਧੀ ਕੋਈ ਫੰਡ ਆਏ ਹਨ ਉਨ੍ਹਾਂ ਦਾ ਵੀ ਹਿਸਾਬ ਕਿਤਾਬ ਦਿੱਤਾ ਜਾਣਾ ਚਾਹੀਦਾ ਹੈ।