ਸਰਸ ਮੇਲਾ ਮੀਂਹ ਨੇ ਕੀਤਾ ਫਿੱਕਾ
ਮਾਨਸਾ ਸ਼ਹਿਰ ਦੀ ਸਰਸਾ ਰੋਡ
Publish Date: Thu, 19 Mar 2026 09:07 PM (IST)
Updated Date: Thu, 19 Mar 2026 09:10 PM (IST)

ਮੀਂਹ ਕਾਰਨ ਗਾਇਕ ਹਰਜੀਤ ਹਰਮਨ ਦਾ ਸ਼ੋਅ ਮੁਲਤਵੀ, 22 ਨੂੰ ਹੋਵੇਗਾ ਸ਼ੋਅ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਸ਼ਹਿਰ ਦੀ ਸਰਸਾ ਰੋਡ ’ਤੇ ਸਥਿਤ ਅਨਾਜ ਮੰਡੀ ’ਚ ਚਲਦਾ ਸਰਸ ਮੇਲਾ ਮੀਂਹ ਨੇ ਫਿੱਕਾ ਪਾ ਦਿੱਤਾ। ਮੀਂਹ ਤੋਂ ਪਹਿਲਾਂ ਵੀ ਸਰਸ ਮੇਲੇ ਦੇ ਮਾੜੇ ਪ੍ਰਬੰਧਾਂ ’ਤੇ ਲੋਕ ਲਗਾਤਾਰ ਸਵਾਲ ਉਠਾ ਰਹੇ ਸੀ ਤੇ ਰਹਿੰਦੀ ਕਸਰ ਮੀਂਹ ਨੇ ਕੱਢ ਦਿੱਤੀ ਹੈ। ਮੀਂਹ ਕਾਰਨ ਅੱਜ ਸ਼ਾਮ ਵੇਲੇ ਸਰਸ ਮੇਲੇ ’ਚ ਸਜਣ ਵਾਲੀ ਸੁਰਾਂ ਦੀ ਮਹਿਫ਼ਲ ਵੀ ਰੱਦ ਕਰਨੀ ਪਈ। ਵੇਰਵਿਆਂ ਮੁਤਾਬਿਕ ਜ਼ਿਲ੍ਹੇ ਭਰ ’ਚ ਅੱਜ ਕਰੀਬ ਸਵੇਰ ਤੋਂ ਹੀ ਸ਼ਾਮ ਤੱਕ ਰੁਕ-ਰੁਕ ਕੇ ਹਲਕਾ ਮੀਂਹ ਪੈਂਦਾ ਰਿਹਾ ਪਿਛਲੇ ਕਈ ਦਿਨਾਂ ਤੋਂ ਬਣੇ ਹੋਏ ਅਜਿਹੇ ਹੀ ਮੌਸਮ ਕਾਰਨ ਗਰੀਬ ਘਰਾਂ ਨੂੰ ਰੋਟੀ ਲਈ ਚੁੱਲ੍ਹਾ ਤਪਾਉਣਾ ਵੀ ਔਖਾ ਹੋ ਗਿਆ ਹਲਕੇ ਜਿਹੇ ਮੀਂਹ ਕਾਰਨ ਹੀ ਸ਼ਹਿਰ ਦੇ ਬਾਜ਼ਾਰਾਂ ’ਚ ਕਾਫ਼ੀ ਚਿੱਕੜ ਹੋ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅਨਾਜ ਮੰਡੀ ’ਚ ਚੱਲ ਰਹੇ ਸਰਸ ਮੇਲੇ ਦੇ ਆਖ਼ਰੀ ਦਿਨ ਵੀ ਮੀਂਹ ਦੀ ਭੇਟ ਚੜ੍ਹ ਰਹੇ ਹਨ। ਮੀਂਹ ਕਾਰਨ ਅੱਜ ਦਿਨ ਵੇਲੇ ਕੋਈ ਟਾਵੇਂ-ਟੱਲੇ ਲੋਕ ਹੀ ਮੇਲਾ ਪੰਡਾਲ ’ਚ ਪੁੱਜੇ, ਜਿਨ੍ਹਾਂ ਨੂੰ ਸਟਾਲਾਂ ਆਦਿ ਬੰਦ ਹੋਣ ਕਾਰਨ ਨਿਰਾਸ਼ਾ ਹੀ ਪੱਲੇ ਪਈ। ਮੇਲੇ ’ਚ ਰੋਜ਼ਾਨਾ ਸ਼ਾਮ ਵੇਲੇ ਪੰਜਾਬੀ ਗਾਇਕਾਂ ਦੀ ਸਜਦੀ ਸੁਰਾਂ ਦੀ ਮਹਿਫਲ ਵੀ ਅੱਜ ਨਹੀਂ ਲੱਗ ਸਕੀ। ਅੱਜ ਮੇਲੇ ’ਚ ਪੰਜਾਬੀ ਗਾਇਕ ਹਰਜੀਤ ਹਰਮਨ ਨੇ ਆਉਣਾ ਸੀ ਪਰ ਮੀਂਹ ਕਾਰਨ ਪ੍ਰਬੰਧਕਾਂ ਨੂੰ ਉਨ੍ਹਾਂ ਦਾ ਪ੍ਰੋਗਰਾਮ ਮੁਲਤਵੀ ਕਰਨਾ ਪਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਬਕਾਇਦਾ ਬਿਆਨ ਜਾਰੀ ਕਰ ਕੇ ਦੱਸਿਆ ਕਿ ਜੋ ਅੱਜ ਅਨਾਜ ਮੰਡੀ ਮਾਨਸਾ ਵਿਖੇ ਸ਼ਾਮ 7 ਵਜੇ ਹਰਜੀਤ ਹਰਮਨ ਦਾ ਸ਼ੋਅ ਹੋਣਾ ਸੀ ਉਹ ਮੀਂਹ ਕਾਰਨ ਮੁਲਤਵੀ ਕੀਤਾ ਗਿਆ ਹੈ। ਹੁਣ ਇਹ ਸ਼ੋਅ 22 ਮਾਰਚ ਨੂੰ ਸ਼ਾਮ 7 ਵਜੇ ਹੋਵੇਗਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੇ ਇਸ ਸ਼ੋਅ ਲਈ ਐਂਟਰੀ ਪਾਸ ਲੈ ਲਏ ਸੀ, ਉਹ ਉਸੇ ਐਂਟਰੀ ਪਾਸ ਦੇ ਨਾਲ ਹੀ ਐਤਵਾਰ ਨੂੰ ਸ਼ੋਅ ਦਾ ਅਨੰਦ ਮਾਣ ਸਕਣਗੇ।