ਮਾਨਸਾ ਪੁਲਿਸ ਦੀ ਵੱਡੀ ਕਾਰਵਾਈ: ਸ਼ਹਿਰ ਦੇ ਹੋਟਲਾਂ, ਕੈਫੇ ਤੇ ਬੱਸ ਸਟੈਂਡ 'ਤੇ ਮਾਰਿਆ ਛਾਪਾ, ਸ਼ੱਕੀ ਵਿਅਕਤੀਆਂ ਦੀ ਪੁੱਛਗਿੱਛ ਤੇ ਪੜਤਾਲ
ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਅਪਰਾਧਿਕ ਗਤੀਵਿਧੀਆਂ ’ਤੇ ਨਕੇਲ ਕੱਸਣ ਦੇ ਮਕਸਦ ਨਾਲ ਥਾਣਾ ਸਿਟੀ-2 ਦੀ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ। ਇਸ ਕਾਰਵਾਈ ਦੀ ਅਗਵਾਈ ਐੱਸ. ਐੱਚ. ਓ. ਗੁਰਤੇਜ ਸਿੰਘ ਨੇ ਖੁਦ ਕੀਤੀ, ਜਿਨ੍ਹਾਂ ਦੀ ਦੇਖ-ਰੇਖ ਹੇਠ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਸ਼ਹਿਰ ਦੇ ਅਹਿਮ ਅਤੇ ਸੰਵੇਦਨਸ਼ੀਲ ਇਲਾਕਿਆਂ ’ਚ ਇੱਕੋ ਸਮੇਂ ਚੈਕਿੰਗ ਕੀਤੀ।
Publish Date: Fri, 01 May 2026 03:32 PM (IST)
Updated Date: Fri, 01 May 2026 03:36 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਰਿਪੋਰਟਰ, ਮਾਨਸਾ। ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਅਪਰਾਧਿਕ ਗਤੀਵਿਧੀਆਂ ’ਤੇ ਨਕੇਲ ਕੱਸਣ ਦੇ ਮਕਸਦ ਨਾਲ ਥਾਣਾ ਸਿਟੀ-2 ਦੀ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ। ਇਸ ਕਾਰਵਾਈ ਦੀ ਅਗਵਾਈ ਐੱਸ. ਐੱਚ. ਓ. ਗੁਰਤੇਜ ਸਿੰਘ ਨੇ ਖੁਦ ਕੀਤੀ, ਜਿਨ੍ਹਾਂ ਦੀ ਦੇਖ-ਰੇਖ ਹੇਠ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਸ਼ਹਿਰ ਦੇ ਅਹਿਮ ਅਤੇ ਸੰਵੇਦਨਸ਼ੀਲ ਇਲਾਕਿਆਂ ’ਚ ਇੱਕੋ ਸਮੇਂ ਚੈਕਿੰਗ ਕੀਤੀ।
ਇਸ ਦੌਰਾਨ ਪੁਲਿਸ ਨੇ ਕੈਫਿਆਂ, ਹੋਟਲਾਂ, ਬੱਸ ਸਟੈਂਡ ਅਤੇ ਹੋਰ ਭੀੜਭਾੜ ਵਾਲੀਆਂ ਥਾਵਾਂ ’ਤੇ ਅਚਾਨਕ ਛਾਪੇਮਾਰੀ ਕਰਕੇ ਉਥੇ ਮੌਜੂਦ ਲੋਕਾਂ ਦੀ ਜਾਂਚ ਕੀਤੀ। ਖਾਸ ਕਰਕੇ ਸ਼ੱਕੀ ਹਾਲਾਤਾਂ ’ਚ ਘੁੰਮ ਰਹੇ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਦੀ ਪਛਾਣ ਦੀ ਤਸਦੀਕ ਕੀਤੀ ਗਈ ਅਤੇ ਉਨ੍ਹਾਂ ਤੋਂ ਵਿਸਥਾਰ ਨਾਲ ਪੁੱਛਗਿੱਛ ਕੀਤੀ ਗਈ। ਕੁਝ ਥਾਵਾਂ ’ਤੇ ਰਿਕਾਰਡ ਵੀ ਚੈੱਕ ਕੀਤੇ ਗਏ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗਲਤ ਗਤੀਵਿਧੀ ਨੂੰ ਤੁਰੰਤ ਬੇਨਕਾਬ ਕੀਤਾ ਜਾ ਸਕੇ।
ਪੁਲਿਸ ਸਰੋਤਾਂ ਮੁਤਾਬਕ ਇਹ ਸਰਚ ਅਭਿਆਨ ਪਹਿਲਾਂ ਤੋਂ ਤਿਆਰ ਕੀਤੀ ਯੋਜਨਾ ਅਨੁਸਾਰ ਚਲਾਇਆ ਗਿਆ ਸੀ, ਜਿਸ ਵਿੱਚ ਸ਼ਹਿਰ ਦੇ ਹਰ ਕੋਨੇ ’ਤੇ ਨਿਗਰਾਨੀ ਰੱਖਣ ਲਈ ਵੱਖ-ਵੱਖ ਟੀਮਾਂ ਨੂੰ ਤਾਇਨਾਤ ਕੀਤਾ ਗਿਆ। ਇਸ ਕਾਰਵਾਈ ਨਾਲ ਨਾ ਸਿਰਫ਼ ਅਪਰਾਧਿਕ ਤੱਤਾਂ ਵਿੱਚ ਹਫੜਾ-ਦਫੜੀ ਮਚ ਗਈ, ਸਗੋਂ ਆਮ ਲੋਕਾਂ ਵਿੱਚ ਵੀ ਸੁਰੱਖਿਆ ਦੀ ਭਾਵਨਾ ਹੋਰ ਮਜ਼ਬੂਤ ਹੋਈ ਹੈ।
ਐੱਸ. ਐੱਚ. ਓ. ਗੁਰਤੇਜ ਸਿੰਘ ਨੇ ਦੱਸਿਆ ਕਿ ਪੁਲਿਸ ਦਾ ਮੂਲ ਉਦੇਸ਼ ਸ਼ਹਿਰ ਵਿੱਚ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਕਾਇਮ ਰੱਖਣਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਸਰਚ ਅਭਿਆਨ ਲਗਾਤਾਰ ਜਾਰੀ ਰਹਿਣਗੇ ਅਤੇ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਕੋਈ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਨਜ਼ਰ ਆਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਸਮੇਂ ਸਿਰ ਕਾਰਵਾਈ ਕਰਕੇ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ।
ਇਸ ਵੱਡੇ ਸਰਚ ਅਭਿਆਨ ਨੂੰ ਮਾਨਸਾ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਵੀ ਪੁਲਿਸ ਦੀ ਇਸ ਕਾਰਵਾਈ ਦੀ ਸਰਾਹਨਾ ਕੀਤੀ ਜਾ ਰਹੀ ਹੈ।