Mansa News : ਨਸ਼ਾ ਵੇਚਣ ਵਾਲੇ ਪਰਿਵਾਰ ਨੂੰ ਪਿੰਡੋਂ ਕੱਢਣ ਦਾ ਐਲਾਨ, ਸਰਪੰਚ ਨੇ ਸਹਿਮਤੀ ਲਈ ਪਿੰਡ ਵਾਲਿਆਂ ਦਾ ਬੁਲਾਇਆ ਇਕੱਠ; ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ
ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੇ ਸਰਪੰਚ ਵੱਲੋਂ ਪਿੰਡ ਵਿੱਚ ਨਸ਼ਾ ਵੇਚਣ ਵਾਲੇ ਪਰਿਵਾਰ ਨੂੰ ਪਿੰਡ ‘ਚੋਂ ਬਾਹਰ ਕੱਢਣ ਦਾ ਐਲਾਨ ਕੀਤਾ ਗਿਆ ਤੇ ਨਾਲ ਹੀ ਪਿੰਡ ਦੀ ਸਹਿਮਤੀ ਦੇ ਲਈ ਸਵੇਰੇ 11 ਵਜੇ ਪਿੰਡ ਵਿੱਚ ਇਕੱਠ ਵੀ ਬੁਲਾਇਆ ਗਿਆ, ਜਿਸ ਦੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀ ਹੈ।
Publish Date: Thu, 26 Mar 2026 09:11 PM (IST)
Updated Date: Thu, 26 Mar 2026 09:15 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੇ ਸਰਪੰਚ ਵੱਲੋਂ ਪਿੰਡ ਵਿੱਚ ਨਸ਼ਾ ਵੇਚਣ ਵਾਲੇ ਪਰਿਵਾਰ ਨੂੰ ਪਿੰਡ ‘ਚੋਂ ਬਾਹਰ ਕੱਢਣ ਦਾ ਐਲਾਨ ਕੀਤਾ ਗਿਆ ਤੇ ਨਾਲ ਹੀ ਪਿੰਡ ਦੀ ਸਹਿਮਤੀ ਦੇ ਲਈ ਸਵੇਰੇ 11 ਵਜੇ ਪਿੰਡ ਵਿੱਚ ਇਕੱਠ ਵੀ ਬੁਲਾਇਆ ਗਿਆ, ਜਿਸ ਦੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀ ਹੈ। ਪੁਲਿਸ ਪ੍ਰਸਾਸਨ ਤੋਂ ਤਰੁੰਤ ਨਸ਼ਾ ਵੇਚਣ ਵਾਲਿਆਂ ਤੇ ਕਾਰਵਾਈ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਨਸ਼ਿਆਂ ਖ਼ਿਲਾਫ਼ ਜਿੱਥੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੀ ਪੰਚਾਇਤ ਵੱਲੋਂ ਵੀ ਪਿੰਡ ਵਿੱਚ ਨਸ਼ਾ ਵੇਚਣ ਵਾਲੇ ਇੱਕ ਪਰਿਵਾਰ ਨੂੰ ਪਿੰਡ ‘ਚੋਂ ਬਾਹਰ ਕੱਢਣ ਦਾ ਐਲਾਨ ਕੀਤਾ ਗਿਆ।
ਸੋਸ਼ਲ ਮੀਡੀਆ ਤੇ ਸਰਪੰਚ ਰੇਸ਼ਮ ਸਿੰਘ ਜਿੰਦਾ ਵੱਲੋਂ ਵੀਡੀਓ ਵੀ ਵਾਇਰਲ ਕੀਤੀ ਗਈ ਹੈ। ਇਸ ਵਿੱਚ ਸਰਪੰਚ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਪਰਿਵਾਰ ਵੱਲੋਂ ਪਹਿਲਾਂ ਵੀ ਨਸ਼ਾ ਵੇਚਿਆ ਜਾ ਰਿਹਾ ਸੀ ਤੇ ਇਸ ਪਿੰਡ ਵਿੱਚ ਪਰਿਵਾਰ ਨੇ ਪਿੰਡ ਤੋਂ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹ ਕੇ ਮੁਆਫ਼ੀ ਮੰਗੀ ਸੀ ਅਤੇ ਕਿਹਾ ਸੀ ਕਿ ਉਹ ਅੱਗੇ ਤੋਂ ਕਦੇ ਵੀ ਨਸ਼ਾ ਨਹੀਂ ਵੇਚਣਗੇ ਅਤੇ ਪੁਲਿਸ ਪ੍ਰਸ਼ਾਸਨ ਉਨ੍ਹਾਂ ’ਤੇ ਬਿਨਾਂ ਵਜ੍ਹਾ ਪਰਚੇ ਦਰਜ ਕਰ ਰਿਹਾ ਹੈ।
ਪਰ ਪਿੰਡ ਦੀ ਪੰਚਾਇਤ ਵੱਲੋਂ ਉਨ੍ਹਾਂ ਨੂੰ ਵਿਸ਼ਵਾਸ਼ ਦਵਾਇਆ ਗਿਆ ਸੀ ਕਿ ਜੇਕਰ ਉਹ ਨਸ਼ਾ ਨਹੀਂ ਵੇਚਣਗੇ ਤੇ ਉਨ੍ਹਾਂ ‘ਤੇ ਕਦੇ ਵੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ। ਅੱਜ ਨਸ਼ਾ ਵੇਚਦਿਆਂ ਨੂੰ ਰੰਗੇ ਹੱਥੀ ਪਿੰਡ ਦੇ ਸਰਪੰਚ ਵੱਲੋਂ ਫੜ੍ਹਿਆ ਗਿਆ ਹੈ, ਇਸ ਬਾਅਦ ਸਰਪੰਚ ਨੇ ਦਾਅਵਾ ਕੀਤਾ ਹੈ ਕਿ ਇਸ ਪਰਿਵਾਰ ਵੱਲੋਂ ਆਸ ਪਾਸ ਦੇ ਪਿੰਡਾਂ ਵਿੱਚ ਵੀ ਨਸ਼ੇ ਦੀ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਪੂਰੇ ਪਿੰਡ ਦੇ ਲੋਕਾਂ ਨੂੰ ਬੁਲਾ ਕੇ ਇਸ ਪਰਿਵਾਰ ਨੂੰ ਪਿੰਡ ਵਿੱਚੋਂ ਬਾਹਰ ਕੱਢਣ ਦਾ ਐਲਾਨ ਕੀਤਾ ਹੈ ਤੇ ਸਵੇਰੇ 11 ਵਜੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਦਾ ਇਕੱਠ ਵੀ ਬੁਲਾਇਆ ਗਿਆ ਹੈ। ਸਰਪੰਚ ਵੱਲੋਂ ਪਾਈ ਗਈ ਸ਼ੋਸ਼ਣ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀ ਹੈ।