ਛੇਵੀਂ ਵਾਰ ਕੌਂਸਲਰ ਬਣੇ ਪ੍ਰੇਮ ਸਾਗਰ ਭੋਲਾ, ਕਈ ਦਿੱਗਜ ਮੁੜ ਬਣੇ ਕੌਂਸਲਰ
ਮਾਨਸਾ ਨਗਰ ਕੌਂਸਲ
Publish Date: Fri, 29 May 2026 08:27 PM (IST)
Updated Date: Sat, 30 May 2026 04:08 AM (IST)
-ਮੁੜ ਭਰੋਸਾ ਜਤਾਉਂਦਿਆਂ ਕਿਹਾ ਕਿ ਉਹ ਮਿਹਨਤ ਕਰਕੇ ਵਾਰਡ ਦੇ ਵਿਕਾਸ ਲਈ ਕਰਨਗੇ ਕੰਮ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ
ਸਥਾਨਕ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿੱਚ ਜਿੱਥੇ ਪ੍ਰੇਮ ਸਾਗਰ ਭੋਲਾ ਨੇ ਛੇਵੀਂ ਵਾਰ ਕੌਂਸਲਰ ਬਣਨ ਦਾ ਮਾਣ ਹਾਸਲ ਕੀਤਾ, ਉੱਥੇ ਹੀ ਸਾਬਕਾ ਨਗਰ ਕੌਂਸਲ ਪ੍ਰਧਾਨ ਸੁਨੀਲ ਕੁਮਾਰ ਨੀਨੂ, ਕੁਲਵਿੰਦਰ ਕੌਰ ਮਹਿਤਾ, ਕਿਰਨਾ ਰਾਣੀ, ਪਰਵੀਨ ਟੋਨੀ ਅਤੇ ਹਰਬੰਸ ਸਿੰਘ ਪੰਮੀ ਨੇ ਦੂਜੀ ਵਾਰ ਜਿੱਤ ਦਰਜ ਕਰਕੇ ਕੌਂਸਲ ਵਿੱਚ ਆਪਣੀ ਵਾਪਸੀ ਕੀਤੀ ਹੈ। ਜੇਤੂ ਉਮੀਦਵਾਰਾਂ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕਰਨ ਦਾ ਭਰੋਸਾ ਦਿੱਤਾ ਹੈ।
ਛੇਵੀਂ ਵਾਰ ਕੌਂਸਲਰ ਬਣੇ ਪ੍ਰੇਮ ਸਾਗਰ ਭੋਲਾ ਨੇ ਕਿਹਾ ਕਿ ਉਹ ਪਹਿਲਾਂ ਵੀ ਪੰਜ ਵਾਰ ਕੌਂਸਲਰ ਰਹਿ ਚੁੱਕੇ ਹਨ ਅਤੇ ਹਰ ਸਮੇਂ ਲੋਕਾਂ ਦੀ ਸੇਵਾ ਲਈ ਤਤਪਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਇੱਕ ਵਾਰ ਫਿਰ ਭਰੋਸਾ ਜਤਾਇਆ ਹੈ ਅਤੇ ਉਹ ਦਿਨ-ਰਾਤ ਮਿਹਨਤ ਕਰਕੇ ਵਾਰਡ ਦੇ ਵਿਕਾਸ ਲਈ ਕੰਮ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਵਿਕਾਸ ਕਾਰਜਾਂ ਰਾਹੀਂ ਵਾਰਡ ਦੀ ਨੁਹਾਰ ਪੂਰੀ ਤਰ੍ਹਾਂ ਬਦਲੀ ਜਾਵੇਗੀ।
ਵਾਰਡ ਨੰਬਰ 13 ਤੋਂ ਜਿੱਤੀ ਸਰਬਸਾਂਝੀ ਉਮੀਦਵਾਰ ਕਿਰਨਾ ਰਾਣੀ ਨੇ ਕਿਹਾ ਕਿ ਉਹ ਪਹਿਲਾਂ ਵੀ ਇੱਕ ਵਾਰ ਕੌਂਸਲਰ ਰਹਿ ਚੁੱਕੇ ਹਨ ਅਤੇ ਹੁਣ ਮੁੜ ਲੋਕਾਂ ਨੇ ਉਨ੍ਹਾਂ ’ਤੇ ਵਿਸ਼ਵਾਸ ਜਤਾਇਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਭਾਵੇਂ ਮੁਕਾਬਲਾ ਸੀ, ਪਰ ਹੁਣ ਸਾਰਿਆਂ ਨੂੰ ਨਾਲ ਲੈ ਕੇ ਵਾਰਡ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਅਤੇ ਵਿਕਾਸ ਨੂੰ ਪਹਿਲ ਦਿੱਤੀ ਜਾਵੇਗੀ।
ਸਾਬਕਾ ਨਗਰ ਕੌਂਸਲ ਪ੍ਰਧਾਨ ਸੁਨੀਲ ਕੁਮਾਰ ਨੀਨੂ ਆਪ ਦੀ ਸੀਟ ‘ਤੇ ਜਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਲਈ ਹਮੇਸ਼ਾ ਤਤਪਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਣ ਦੀ ਕੋਸ਼ਿਸ਼ ਕਰਨਗੇ।
ਇਸ ਤੋਂ ਇਲਾਵਾ ਕੁਲਵਿੰਦਰ ਕੌਰ ਮਹਿਤਾ ਕਾਂਗਰਸ ਅਤੇ ਪਰਵੀਨ ਟੋਨੀ ਭਾਜਪਾ ਦੀ ਸੀਟ ’ਤੇ ਜਿੱਤੇ ਹਨ। ਉਹ ਵੀ ਦੂਜੀ ਵਾਰ ਕੌਂਸਲਰ ਬਣੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਲਗਾਤਾਰ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਭਵਿੱਖ ਵਿੱਚ ਵੀ ਇਹ ਕੰਮ ਜਾਰੀ ਰਹਿਣਗੇ।
ਹਰਬੰਸ ਸਿੰਘ ਪੰਮੀ ਸ਼੍ਰੋਮਣੀ ਅਕਾਲੀ ਦਲ ਦੀ ਸੀਟ ‘ਤੇ ਜਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਇੱਕ ਵਾਰ ਕੌਂਸਲਰ ਰਹਿ ਚੁੱਕੇ ਹਨ ਅਤੇ ਹੁਣ ਉਹਨਾਂ ਨੇ ਦੁਬਾਰਾ ਜਿੱਤ ਦਰਜ ਕਰਵਾਈ ਹੈ ਅਤੇ ਕੌਂਸਲਰ ਚੁਣੇ ਗਏ ਹਨ ਉਹਨਾਂ ਦਾ ਕਹਿਣਾ ਹੈ ਕਿ ਉਹ ਵਿਕਾਸ ਦੇ ਕੰਮਾਂ ਵਿੱਚ ਕੋਈ ਵੀ ਰੁਕਾਵਟ ਨਹੀਂ ਆਉਣ ਦੇਣਗੇ ਅਤੇ ਹਰ ਸਮੱਸਿਆ ਦਾ ਹੱਲ ਕਰਨਗੇ