ਕਣਕ ਦੀ ਢੁਆਈ ਕਰਨ ਗਏ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ
ਮਾਨਸਾ ਵਿੱਚ ਕਣਕ ਮਾਨਸਾ ਵਿੱਚ ਕਣਕ
Publish Date: Wed, 25 Feb 2026 09:10 PM (IST)
Updated Date: Thu, 26 Feb 2026 04:10 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ :
ਮਾਨਸਾ ਵਿੱਚ ਕਣਕ ਦੀ ਢੁਆਈ ਕਰਨ ਗਏ ਇੱਕ ਮਜ਼ਦੂਰ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਮਾਮਲਾ ਉਦੋਂ ਭਖ ਗਿਆ, ਜਦ ਮਜ਼ਦੂਰ ਜਥੇਬੰਦੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਨੌਜਵਾਨ ਦੇ ਕਤਲ ਦੀ ਆਸ਼ੰਕਾ ਜਤਾ ਦਿੱਤੀ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਦੀ ਮੰਗ ਕੀਤੀ ਹੈ। ਹਾਲਾਂਕਿ ਪੁਲਿਸ ਇਸ ਨੂੰ ਸੜਕ ਹਾਦਸਾ ਕਹਿ ਰਹੀ ਹੈ। ਬੁੱਧਵਾਰ ਦੇਰ ਸ਼ਾਮ ਮਜ਼ਦੂਰਾਂ ਅਤੇ ਪਰਿਵਾਰ ਦੇ ਮੈਂਬਰਾਂ ਨੇ ਖਿਆਲਾ ਰੋਡ ਸਥਿੱਤ ਇੱਕ ਫੈਕਟਰੀ ਬਾਹਰ ਅਤੇ ਬਾਅਦ ਵਿੱਚ ਡੀਸੀ ਰਿਹਾਇਸ਼ ਨਜ਼ਦੀਕ ਤਿੰਨਕੋਣੀ ‘ਤੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਇਸ ਮਾਮਲੇ ’ਚ ਕਾਰਵਾਈ ਨਾ ਕੀਤੇ ਜਾਣ ਤੱਕ ਅੰਤਿਮ ਸਸਕਾਰ ਨਾ ਕੀਤੇ ਜਾਣ ਤੋਂ ਇਨਕਾਰ ਕੀਤਾ ਹੈ।
ਦਲਿਤ ਅਧਿਕਾਰ ਅੰਦੋਲਨ ਦੇ ਆਗੂ ਜਗਸੀਰ ਸਿੰਘ ਸੀਰਾ, ਪਿੰਡ ਦਲੇਲ ਸਿੰਘ ਵਾਲਾ ਦੇ ਸਾਬਕਾ ਸਰਪੰਚ ਅਮਰੀਕ ਸਿੰਘ, ਮੌਜੂਦਾ ਸਰਪੰਚ ਹਰਦੀਪ ਸਿੰਘ ਅਤੇ ਟ੍ਰੈਕਟਰ ਟ੍ਰਾਲੀ ਯੂਨੀਅਨ ਦੇ ਪ੍ਰਧਾਨ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਦਲੇਲ ਸਿੰਘ ਵਾਲਾ ਵਾਸੀ ਗੁਰਜੰਟ ਸਿੰਘ ਨੂੰ ਕਣਕ ਦੀ ਢੁਆਈ ਲਈ ਬੁਲਾਇਆ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਕੁੱਝ ਵਿਅਕਤੀਆਂ ਨੇ ਕਣਕ ਇਕ ਨਿਜੀ ਫੈਕਟਰੀ ’ਚ ਉਤਾਰਨ ਦਾ ਦਬਾਅ ਬਣਾਇਆ। ਨੌਜਵਾਨ ਦੁਆਰਾ ਇਨਕਾਰ ਕਰਨ ’ਤੇ ਉਸ ਦੀ ਕਥਿੱਤ ਰੂਪ ’ਚ ਕੁੱਟਮਾਰ ਕੀਤੀ ਗਈ, ਜਿਸ ਨਾਲ ਉਸਦੀ ਮਾਨਸਾ ਦੇ ਇੱਕ ਨਿਜੀ ਹਸਪਤਾਲ ’ਚ ਮੌਤ ਹੋ ਗਈ।
ਉਨ੍ਹਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਸ ਦਰਜ ਨਹੀਂ ਹੁੰਦਾ, ਉਦੋਂ ਤੱਕ ਅੰਤਿਮ ਸਸਕਾਰ ਨਹੀਂ ਕਰਨਗੇ। ਮ੍ਰਿਤਕ ਗੁਰਜੰਟ ਸਿੰਘ ਦੀ ਲਾਸ਼ ਸਿਵਲ ਹਸਪਤਾਲ ਮਾਨਸਾ ਦੀ ਮੌਰਚਰੀ ‘ਚ ਰੱਖੀ ਗਈ ਹੈ। ਠੂਠਿਆਂਵਾਲੀ ਪੁਲਿਸ ਚੌਂਕੀ ਦੇ ਇੰਚਾਰਜ ਏਐਸਆਈ ਮੱਖਣ ਸਿੰਘ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਨੌਜਵਾਨ ਦੀ ਮੌਤ ਟ੍ਰੈਕਟਰ, ਟ੍ਰਾਲੀ ਦੇ ਹੇਠਾਂ ਆਉਣ ਨਾਲ ਸੜਕ ਦੁਰਘਟਨਾ ’ਚ ਹੋਈ ਹੈ ਅਤੇ ਮਾਮਲੇ ਦੀ ਕਾਰਵਾਈ ਪੁਲਿਸ ਕਰ ਰਹੀ ਹੈ।