ਖਿਆਲਾ ਖੁਰਦ ’ਚ ਬੱਸਾਂ ਨਾ ਰੁਕਣ ’ਤੇ ਲੋਕਾਂ ’ਚ ਰੋਸ
ਮਾਨਸਾ ਦੇ ਪਿੰਡ ਖਿਆਲਾ ਖੁਰਦ
Publish Date: Sat, 28 Feb 2026 08:37 PM (IST)
Updated Date: Sun, 01 Mar 2026 04:14 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਦੇ ਪਿੰਡ ਖਿਆਲਾ ਖੁਰਦ ’ਚ ਬੱਸਾਂ ਨਾ ਰੁੱਕਣ ਕਾਰਨ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਮਾਨਸਾ ਭੀਖੀ ਨੈਸ਼ਨਲ ਹਾਈਵੇ ’ਤੇ ਸਰਕਾਰੀ ਬੱਸਾਂ ਆਉਂਦੀਆਂ ਤਾਂ ਹਨ, ਪਰ ਖਿਆਲਾ ਕਲਾਂ, ਖਿਆਲਾ ਖੁਰਦ ਆਦਿ ’ਤੇ ਰੁਕੇ ਬਿਨਾਂ ਹੀ ਅੱਗੇ ਨਿਕਲ ਜਾਂਦੀਆਂ ਹਨ। ਬੱਸ ਅੱਡੇ ’ਤੇ ਖੜ੍ਹੀਆਂ ਸਵਾਰੀਆਂ ਦੇਖਦੀਆਂ ਹੀ ਰਹਿ ਜਾਂਦੀਆਂ ਹਨ। ਪਿੰਡ ਦੇ ਵਸਨੀਕ ਰੂਬੀ ਕੌਰ, ਬਲਦੇਵ ਕੌਰ, ਜਗਸੀਰ ਕੌਰ, ਜਸਵਿੰਦਰ ਕੌਰ, ਅਮਨਦੀਪ, ਵੀਰਪਾਲ ਕੌਰ, ਚਰਨਜੀਤ ਕੌਰ, ਗੁਰਚਰਨ ਸਿੰਘ ਵਾਲੀਆ, ਨਾਜ਼ਰ ਸਿੰਘ, ਜਸਪ੍ਰੀਤ ਸਿੰਘ, ਸਤਪਾਲ ਸਿੰਘ ਨੇ ਕਿਹਾ ਕਿ ਇਸ ਸਮੱਸਿਆ ਕਾਰਨ ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ ਤੇ ਖ਼ਾਸ ਕਰਕੇ ਔਰਤਾਂ ਨੂੰ ਵੱਡੀਆਂ ਦਿੱਕਤਾਂ ਆ ਰਹੀਆਂ ਹਨ। ਸਰਪੰਚ ਸੰਦੀਪ ਕੌਰ ਨੇ ਦੱਸਿਆ ਕਿ ਬੱਸਾਂ ਨਾ ਰੁੱਕਣ ਕਾਰਨ ਔਰਤਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਪਿੰਡ ਵਾਸੀ ਮਾਨਸਾ ਭੀਖੀ ਰੋਡ ’ਤੇ ਧਰਨਾ ਲਾਉਣ ਲਈ ਮਜ਼ਬੂਰ ਹੋਣਗੇ। ਇਹ ਸੰਘਰਸ਼ ਉਸ ਸਮੇਂ ਤਕ ਜਾਰੀ ਰਹੇਗਾ, ਜਦ ਤੱਕ ਪੀਆਰਟੀਸੀ ਬੱਸਾਂ ਇਥੇ ਰੁਕਣ ਨਹੀਂ ਲੱਗਦੀਆਂ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਲੋਕਾਂ ਦੀ ਸਹੂਲਤ ਲਈ ਤੁਰੰਤ ਕਾਰਵਾਈ ਕਰ ਕੇ ਬੱਸਾਂ ਇੱਥੇ ਲੋਕਾਂ ਲਈ ਰੁਕ ਜਾਣ ਦੀ ਸਹੂਲਤ ਯਕੀਨੀ ਬਣਾਈ ਜਾਵੇ।