ਹੋਟਲ ’ਚ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ, ਥਾਣੇ ਮੂਹਰੇ ਲਾਇਆ ਧਰਨਾ
ਕੁਝ ਦਿਨ ਪਹਿਲਾਂ ਹੋਏ
Publish Date: Thu, 04 Sep 2025 06:42 PM (IST)
Updated Date: Thu, 04 Sep 2025 06:43 PM (IST)

ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇਗਾ-ਡੀਐੱਸਪੀ ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਕੁਝ ਦਿਨ ਪਹਿਲਾਂ ਹੋਏ ਝਗੜੇ ਦੇ ਮਾਮਲੇ ‘ਚ ਸਮਝੌਤਾ ਨਾ ਕਰਨ ਨੂੰ ਲੈ ਨੌਜਵਾਨ ਦਾ ਗੋਲੀ ਮਾਰ ਕਤਲ ਕਰ ਦਿੱਤਾ ਗਿਆ ਹੈ। ਘਟਨਾ ਵਾਪਰਨ ਦੇ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਹ ਘਟਨਾ ਨਿੱਜੀ ਹੋਟਲ ‘ਚ ਵਾਪਰੀ, ਜਦੋਂ ਨੌਜਵਾਨ ਆਪਣੇ ਦੋਸਤ ਨਾਲ ਹੋਟਲ ਚ ਖਾਣਾ ਖਾਣ ਗਿਆ ਸੀ। ਇਸ ਘਟਨਾ ਦੇ ਬਾਅਦ ਪੁਲਿਸ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਥਾਣਾ ਸਦਰ ਬੁਢਲਾਡਾ ਪੁਲਿਸ ਨੇ 14 ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਪੁਲਿਸ ਭਾਲ ਕਰ ਰਹੀ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਇਕ ਹੋਟਲ ’ਚ ਸ਼ਹਿਰ ਵਾਸੀ ਨੌਜਵਾਨ ਗੁਰਸੇਵਕ ਸਿੰਘ ਆਪਣੇ ਦੋਸਤ ਨਾਲ ਖਾਣਾ ਖਾਣ ਗਿਆ ਸੀ। ਇਸ ਦੌਰਾਨ ਹਥਿਆਰ ਲੈ ਕੇ ਕੁਝ ਵਿਅਕਤੀ ਉਥੇ ਪਹੁੰਚ ਗਏ ਤੇ ਗੁਰਸੇਵਕ ਸਿੰਘ ਨੂੰ ਪਹਿਲਾਂ ਹੋਈ ਲੜਾਈ ਦੇ ਮਾਮਲੇ ’ਚ ਸਮਝੌਤਾ ਕਰਨ ਲਈ ਕਹਿਣ ਲੱਗੇ। ਬਹਿਸ ਅਤੇ ਤਕਰਾਰਬਾਜ਼ੀ ਦੌਰਾਨ ਉਨ੍ਹਾਂ ਗੁਰਸੇਵਕ ਸਿੰਘ ਦੇ ਗੋਲੀ ਮਾਰ ਦਿੱਤੀ ਤੇ ਫ਼ਰਾਰ ਹੋ ਗਏ। ਪੁਲਿਸ ਨੂੰ ਮ੍ਰਿਤਕ ਗੁਰਸੇਵਕ ਸਿੰਘ ਦੇ ਪਿਤਾ ਬੁੱਧ ਰਾਮ ਨੇ ਦੱਸਿਆ ਕਿ ਕੁਝ ਵਿਅਕਤੀਆਂ ਨੇ 21 ਅਗਸਤ ਨੂੰ ਗੁਰਸੇਵਕ ਸਿੰਘ ਤੇ ਹਮਲਾ ਕਰਕੇ ਉਸਦੀ ਕੁੱਟਮਾਰ ਕੀਤੀ, ਸੱਟਾਂ ਮਾਰੀਆਂ ਸਨ। ਜਿਸ ਬਾਅਦ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ 3 ਸਤੰਬਰ ਬੁੱਧਵਾਰ ਨੂੰ ਗੁਰਸੇਵਕ ਸਿੰਘ ਆਪਣੇ ਦੋਸਤ ਨਾਲ ਸ਼ਹਿਰ ਦੇ ਇਕ ਹੋਟਲ ਚ ਖਾਣਾ ਖਾਣ ਗਿਆ ਤਾਂ ਗੱਡੀ ਸਵਾਰ ਯੋਗੇਸ਼ ਉਰਫ਼ ਦੱਦੂ ਵਾਸੀ ਸੰਗਰੂਰ ਤੇ ਹੋਰ ਉਸਦੇ ਸਾਥੀ ਹੋਟਲ ‘ਚ ਪਹੁੰਚ ਗਏ। ਯੋਗੇਸ਼ ਨੇ ਕਿਹਾ ਕਿ ਠੇਕੇਦਾਰ ਨਾਲ ਸਮਝੌਤਾ ਕਰ ਲੈ, ਪਰ ਗੁਰਸੇਵਕ ਸਿੰਘ ਨੇ ਇਸ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਯੋਗੇਸ਼ ਉਰਫ਼ ਦੱਦੂ ਨੇ ਦੋਨਾਲੀ ਗੰਨ ਨਾਲ ਗੁਰਸੇਵਕ ਸਿੰਘ ਦੇ ਗੋਲੀ ਮਾਰੀ ਤੇ ਹਮਲਾਵਰ ਫ਼ਰਾਰ ਹੋ ਗਏ। ਜ਼ਖ਼ਮੀ ਹਾਲਤ ’ਚ ਗੁਰਸੇਵਕ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਥੇ ਉਸਦੀ ਮੌਤ ਹੋ ਗਈ। ਥਾਣਾ ਸਦਰ ਬੁਢਲਾਡਾ ਪੁਲਿਸ ਨੇ ਯੋਗੇਸ਼ ਉਰਫ਼ ਦੱਦੂ ਪੁੱਤਰ ਰਾਜੇਸ਼ ਕੁਮਾਰ ਵਾਸੀ ਸੰਗਰੂਰ, ਤੁਲੀ ਪੁੱਤਰ ਰਾਜਾ ਸਿੰਘ ਵਾਸੀ ਮੰਗੂਪੁਰ (ਸੰਗਰੂਰ), ਵਿਸ਼ਾਲ, ਕਿੰਦੀ, ਜਸਪਾਲ ਸਿੰਘ, ਸੰਦੀਪ ਸਿੰਘ, ਲੱਡੂ ਸਿੰਘ, ਜੋਨੀ, ਨੋਨੂੰ, ਸੰਜੇ, ਸੁਖਬੀਰ ਸਿੰਘ ਵਾਸੀਆਨ ਬੁਢਲਾਡਾ, ਬਬਲਾ ਵਾਸੀ ਹਸਨਪੁਰ ਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਡੀਐਸਪੀ ਸਿਕੰਦਰ ਸਿੰਘ ਚੀਮਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਦੋਸ਼ੀਆਂ ਨੂੰ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ। ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।