ਅੱਤ ਦੀ ਗਰਮੀ ਤੇ ਲੱਗਦੇ ਕੱਟ ਲੋਕਾਂ ਦੇ ਕੱਢ ਰਹੇ ਵੱਟ
ਅੱਤ ਦੀ ਵਰ੍ਹ ਰਹੀ
Publish Date: Mon, 27 Apr 2026 08:16 PM (IST)
Updated Date: Tue, 28 Apr 2026 04:13 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਅੱਤ ਦੀ ਵਰ੍ਹ ਰਹੀ ਗਰਮੀ ਦੇ ਕਾਰਨ ਆਮ ਲੋਕ ਪ੍ਰੇਸ਼ਾਨ ਹਨ। ਇੱਕ ਪਾਸੇ ਜਿੱਥੇ ਅੱਤ ਦੀ ਗਰਮੀ ਪੈ ਰਹੀ ਹੈ, ਉਥੇ ਹੀ ਬਿਜਲੀ ਦੇ ਕੱਟ ਲਗਾਤਾਰ ਲੱਗ ਰਹੇ ਹਨ। ਗਰਮੀ ਵਿੱਚ ਲੋਕਾਂ ਨੂੰ ਘਰੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ, ਉਥੇ ਹੀ ਬਿਜਲੀ ਦੇ ਕੱਟ ਲੱਗਣ ਕਾਰਨ ਘਰਾਂ ‘ਚ ਰਹਿਣ ਮੁਸ਼ਕਿਲ ਹੋ ਰਿਹਾ ਹੈ। ਗਰਮੀ ਦੇ ਵੱਧਣ ਕਾਰਨ ਵੱਧ ਰਹੀ ਬਿਜਲੀ ਦੀ ਮੰਗ ਵੱਧ ਰਹੀ ਹੈ ਅਤੇ ਬਿਜਲੀ ਵਿਭਾਗ ਵੱਲੋਂ ਖ਼ਪਤਕਾਰਾਂ ਲਈ ਬਿਜਲੀ ਸਪਲਾਈ ਪੂਰ੍ਹੀ ਕਰਨੀ ਮੁਸ਼ਕਿਲ ਹੋਈ ਪਈ ਹੈ। ਪਿਛਲੇ ਦਿਨੀਂ ਮਾਨਸਾ ’ਚ ਡੀਸੀ ਦਫ਼ਤਰ ਅੱਗੇ ਬਿਜਲੀ ਦੇ ਲੱਗ ਰਹੇ ਕੱਟਾਂ ਕਾਰਨ ਬੀਕੇਯੂ ਉਗਰਾਹਾਂ ਵੱਲੋਂ ਧਰਨਾ ਵੀ ਲਗਾਇਆ ਗਿਆ ਸੀ ਅਤੇ ਜੇਕਰ ਇਸੇ ਤਰ੍ਹਾਂ ਬਿਜਲੀ ਦੇ ਕੱਟ ਲੱਗਦੇ ਰਹੇ ਤਾਂ ਸੰਘਰਸ਼ ਤੇਜ਼ ਕਰਨ ਦੀ ਗੱਲ ਕੀਤੀ ਗਈ ਸੀ। ਦਿਨ ਵੇਲੇ ਗਰਮੀ ਦੇ ਕਾਰਨ ਸੜਕਾਂ ਸੁੰਨਸਾਨ ਹੋ ਜਾਂਦੀਆਂ ਹਨ ਅਤੇ ਸਵੇਰੇ ਤੇ ਸ਼ਾਮ ਨੂੰ ਹੀ ਲੋਕ ਘਰਾਂ ‘ਚੋਂ ਨਿਕਲ ਰਹੇ ਹਨ। ਬੂਟਾ ਸਿੰਘ ਦਾ ਆਖਣਾ ਹੈ ਕਿ ਸ਼ਾਮ ਨੂੰ ਅਚਾਨਕ ਹੀ ਬਿਜਲੀ ਚਲੀ ਗਈ। ਇਸ ਦੇ ਕਾਰਨ ਕੰਮ ਪ੍ਰਭਾਵਿਤ ਹੋ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ, ਪਰ ਹੁਣ ਇਹ ਬਿਜਲੀ ਦੇ ਲੱਗਦੇ ਕੱਟਾਂ ਕਾਰਨ ਜ਼ਿਆਦਾ ਮੁਸ਼ਕਿਲ ਹੋ ਗਈ ਹੈ। ਰਾਜਿੰਦਰ ਕੁਮਾਰ ਨੇ ਕਿਹਾ ਕਿ ਲਗਾਤਾਰ ਗਰਮੀ ਵੱਧ ਰਹੀ ਹੈ ਅਤੇ ਲੋਕ ਮੁਸ਼ਕਲ ’ਚ ਹਨ। ਉਨ੍ਹਾਂ ਕਿਹਾ ਕਿ ਅੱਜ ਭਾਵੇਂ ਹਵਾਵਾਂ ਚੱਲਣ ਦੇ ਕਾਰਨ ਕੁੱਝ ਰਾਹਤ ਮਿਲੀ ਹੈ, ਪਰ ਗਰਮ ਹਵਾਵਾਂ ਕਾਰਨ ਮੁਸ਼ਕਲ ਹੋ ਜਾਂਦੀ ਹੈ। ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਭਾਵੇਂ ਅੱਜ ਪਿੰਡਾਂ ’ਚ ਬਿਜਲੀ ਸਹੀ ਦਿੱਤੀ ਗਈ ਹੈ, ਪਰ ਪਿਛਲੇ ਦਿਨ੍ਹਾਂ ‘ਚ ਲਗਾਤਾਰ ਬਿਜਲੀ ਦੇ ਲੱਗਦੇ ਕੱਟਾਂ ਨੇ ਹਰ ਕਿਸੇ ਲਈ ਪ੍ਰੇਸ਼ਾਨੀ ਬਣਾਈ ਹੋਈ ਸੀ। ਪਿੰਡਾਂ ’ਚ ਲੋਕ ਥੱਕ ਕੇ ਰਾਤ ਨੂੰ ਘਰਾਂ ’ਚ ਆਉਂਦੇ ਹਨ, ਪਰ ਬਿਜਲੀ ਜਾਣ ਕਾਰਨ ਉਨ੍ਹਾਂ ਨੂੰ ਨੀਂਦ ਪੂਰ੍ਹੀ ਕਰਨੀ ਔਖੀ ਹੋ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਨਿਰਵਿਘਨ ਸਪਲਾਈ ਨਾ ਦਿੱਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਦੇ ਇਲਾਵਾ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਅੱਜ ਬਿਜਲੀ ਦੀ ਸਪਲਾਈ ਵਿਭਾਗ ਵੱਲੋਂ ਪਿੰਡ ‘ਚ ਠੀਕ ਦਿੱਤੀ ਗਈ ਹੈ, ਜਦੋਂਕਿ ਪਿਛਲੇ ਦਿਨਾਂ ’ਚ ਲਗਾਤਾਰ ਮੁਸ਼ਕਲ ਆ ਰਹੀ ਸੀ। ਉਨ੍ਹਾਂ ਕਿਹਾ ਕਿ ਸਰਕਾਰਾਂ ਦਾਅਵੇ ਕਰਦੀਆਂ ਹਨ ਕਿ ਉਹ ਨਿਰਵਿਘਨ ਸਪਲਾਈ ਲੋਕਾਂ ਨੂੰ ਦੇ ਰਹੀ ਹੈ, ਪਰ ਜਦ ਵਡੇ ਵੱਡੇ ਕੱਟ ਲਗਾ ਦਿੱਤੇ ਜਾਂਦੇ ਹਨ। ਇਸ ਨਾਲ ਜਨਤਾ ਪ੍ਰੇਸ਼ਾਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਗਰਮੀ ਬਹੁਤ ਜ਼ਿਆਦਾ ਵੱਧੀ ਹੋਈ ਹੈ, ਜਦੋਂਕਿ ਦੂਜੇ ਪਾਸੇ ਬਿਜਲੀ ਦੇ ਕੱਟ ਜਾਂਦੇ ਹਨ। ਜੇਕਰ ਨਿਰਵਿਘਨ ਸਪਲਾਈ ਨਾ ਦਿੱਤੀ ਗਈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।