ਐੱਸਆਈਆਰ ਸਰਗਰਮੀਆਂ ਤਹਿਤ ਮਾਨਸਾ ਜ਼ਿਲ੍ਹਾ ਸੂਬੇ ਭਰ ’ਚੋਂ ਰਿਹਾ ਤੀਜੇ ਨੰਬਰ 'ਤੇ
ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਜਾਰੀ
Publish Date: Tue, 28 Apr 2026 07:24 PM (IST)
Updated Date: Wed, 29 Apr 2026 04:16 AM (IST)
-ਪੇਂਡੂ ਖੇਤਰਾਂ ’ਚ 95.69 ਫ਼ੀਸਦੀ ਕੰਮ ਮੁਕੰਮਲ, ਸ਼ਹਿਰੀ ਖੇਤਰਾਂ ਲਈ 5 ਦਿਨਾਂ ਦੀ ਵਿਸ਼ੇਸ਼ ਮੁਹਿੰਮ ਸ਼ੁਰੂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਪ੍ਰੀ-ਸਪੈਸ਼ਲ ਇੰਟੈਂਸਿਵ ਰਵੀਜ਼ਨ ਸਰਗਰਮੀਆਂ ਤਹਿਤ ਵੋਟਰਾਂ ਦੀ ਮੈਪਿੰਗ ਦੇ ਕੰਮ ਵਿੱਚ ਮਾਨਸਾ ਜ਼ਿਲ੍ਹਾ, ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਭਰ ਵਿੱਚੋਂ ਤੀਜੇ ਸਥਾਨ ’ਤੇ ਹੈ। ਡੀਸੀ ਨਵਜੋਤ ਕੌਰ ਆਈਏਐੱਸ ਨੇ ਇਸ ਪ੍ਰਾਪਤੀ ਲਈ ਜ਼ਿਲ੍ਹੇ ਦੇ ਸਮੂਹ ਉਪ ਮੰਡਲ ਮੈਜਿਸਟਰੇਟ ਅਤੇ ਫੀਲਡ ਸਟਾਫ ਦੀ ਸ਼ਲਾਘਾ ਕੀਤੀ ਹੈ। ਹੋਰ ਵੇਰਵੇ ਸਾਂਝੇ ਕਰਦਿਆਂ ਡੀਸੀ ਨਵਜੋਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੁੱਲ 5,93,212 ਵੋਟਰਾਂ ਵਿੱਚੋਂ 5,47,229 ਵੋਟਰਾਂ ਦੀ ਮੈਪਿੰਗ ਸਫਲਤਾਪੂਰਵਕ ਮੁਕੰਮਲ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 645 ਪੋਲਿੰਗ ਬੂਥਾਂ ਵਿੱਚੋਂ 353 ਬੂਥ ਅਜਿਹੇ ਹਨ, ਜਿਨ੍ਹਾਂ ਨੇ 95% ਤੋਂ ਵੱਧ ਦਾ ਅੰਕੜਾ ਪਾਰ ਕਰ ਲਿਆ ਹੈ। ਖੁਸ਼ੀ ਦੀ ਗੱਲ ਹੈ ਕਿ ਜ਼ਿਲ੍ਹੇ ਵਿੱਚ ਇੱਕ ਵੀ ਬੂਥ ਅਜਿਹਾ ਨਹੀਂ ਹੈ, ਜਿੱਥੇ ਪ੍ਰਗਤੀ 50 ਫ਼ੀਸਦੀ ਤੋਂ ਘੱਟ ਹੋਵੇ। ਡੀਸੀ ਨਵਜੋਤ ਕੌਰ ਨੇ ਦੱਸਿਆ ਕਿ ਬੁਢਲਾਡਾ ਨੇ 94.32 ਫ਼ੀਸਦੀ ਅਤੇ ਸਰਦੂਲਗੜ੍ਹ ਨੇ 93.43 ਫ਼ੀਸਦੀ ਅੰਕਾਂ ਨਾਲ 'ਮਾਡਲ ਹਲਕਿਆਂ' ਵਜੋਂ ਉੱਭਰ ਕੇ ਮਿਸਾਲ ਪੇਸ਼ ਕੀਤੀ ਹੈ। ਮਾਨਸਾ ਵਿਧਾਨ ਸਭਾ ਹਲਕੇ ਦੀ ਪ੍ਰਗਤੀ 89.38 ਫ਼ੀਸਦੀ ਹੈ, ਜਿਸ ਵਿੱਚ ਸ਼ਹਿਰੀ ਖੇਤਰ ਹੋਣ ਕਾਰਨ ਕੁਝ ਚੁਣੌਤੀਆਂ ਹਨ, ਪਰ ਹੁਣ ਉੱਥੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਪੇਂਡੂ ਖੇਤਰਾਂ ਵਿੱਚ 95.69% ਕੰਮ ਹੋ ਚੁੱਕਾ ਹੈ, ਜੋ ਕਿ ਸੂਬੇ ਵਿੱਚ ਸਭ ਤੋਂ ਉੱਤਮ ਹੈ। ਡੀਸੀ ਨੇ ਕਿਹਾ, "ਸਾਡਾ ਅਗਲਾ ਨਿਸ਼ਾਨਾ ਮਾਨਸਾ ਨੂੰ ਪੰਜਾਬ ਵਿੱਚ ਪਹਿਲੇ ਸਥਾਨ 'ਤੇ ਲਿਆਉਣਾ ਹੈ। ਇਸ ਲਈ ਮਾਨਸਾ ਸ਼ਹਿਰੀ ਖੇਤਰ ਲਈ 5 ਦਿਨਾਂ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।" ਉਨ੍ਹਾਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਮਾਨਸਾ ਨੂੰ ਸ਼ਹਿਰੀ ਬੀ.ਐਲ.ਓਜ਼ ਦੇ ਕੰਮ ਦੀ ਨਿੱਜੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਜੇਕਰ ਅਗਲੇ ਇੱਕ ਹਫ਼ਤੇ ਵਿੱਚ ਤੇਜ਼ੀ ਲਿਆਂਦੀ ਗਈ, ਤਾਂ ਜ਼ਿਲ੍ਹਾ 95% ਤੋਂ ਵੱਧ ਦੇ ਅੰਕੜੇ ਨਾਲ ਸੂਬੇ ਵਿੱਚ ਪਹਿਲੇ ਸਥਾਨ 'ਤੇ ਪਹੁੰਚ ਸਕਦਾ ਹੈ। ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਲਾਕੇ ਦੇ ਬੀਐੱਲਓਜ਼ ਨੂੰ ਪੂਰਾ ਸਹਿਯੋਗ ਦੇਣ ਤਾਂ ਜੋ ਭਾਰਤ ਚੋਣ ਕਮਿਸ਼ਨ ਦੇ ਇਸ ਅਹਿਮ ਕਾਰਜ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।