ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਮਾਨਸਾ ਦੀ ਮੀਟਿੰਗ ਗੁਰਦੁਆਰਾ ਸਾਹਿਬ ਫਫੜੇ ਭਾਈ ਕੇ ਵਿਖੇ ਹੋਈ। ਇਸ ਦੀ ਪ੍ਰਧਾਨਗੀ ਸਤਪਾਲ ਸਿੰਘ ਬਰ੍ਹੇ ਸੀਨੀਅਰ ਮੀਤ ਪ੍ਰਧਾਨ ਮਾਨਸਾ ਨੇ ਕੀਤੀ। ਮੀਟਿੰਗ ’ਚ ਭਖਦੇ ਕਿਸਾਨਾਂ ਦੇ ਮਸਲੇ ਵਿਚਾਰ ਕਰਨ ਉਪਰੰਤ ਫ਼ੈਸਲਾ ਹੋਇਆ ਕਿ ਜ਼ਿਲ੍ਹੇ ਭਰ ਦੀਆਂ ਸਹਿਕਾਰੀ ਬੈਂਕ ਬ੍ਰਾਂਚਾਂ ਸਾਹਮਣੇ 6 ਮਈ 2026 ਨੂੰ ਰੋਹ ਭਰਪੂਰ ਧਰਨੇ ਦਿੱਤੇ ਜਾਣਗੇ ਕਿਉਂਕਿ ਸਹਿਕਾਰੀ ਬੈਂਕਾਂ ਵੱਲੋਂ ਸਾਉਣੀ ਸੀਜ਼ਨ ਲਈ ਕਿਸਾਨਾਂ ਨੂੰ ਕਰਜ਼ਾ ਦੇਣ ਤੋਂ ਜਵਾਬ ਦਿੱਤਾ ਜਾ ਰਿਹਾ ਹੈ। ਹਾੜ੍ਹੀ ਦਾ ਸੀਜ਼ਨ ਲੰਘ ਜਾਣ ਤੇ ਵੀ ਕਿਸਾਨਾਂ ਦੇ ਸਾਲ 26-27 ਦੇ ਹੱਦ ਕਰਜ਼ੇ ਅਜੇ ਤੱਕ ਮਨਜ਼ੂਰ ਨਹੀਂ ਕੀਤੇ ਗਏ ਤੇ ਸਹਿਕਾਰੀ ਵਿਭਾਗ ਵੱਲੋਂ ਕਿਸਾਨਾਂ ਦੇ ਸਹਿਕਾਰੀ ਸਭਾਵਾਂ ’ਚ ਪ੍ਰਤੀ ਏਕੜ ਵਧਾਈ ਗਈ ਰਾਸ਼ੀ ਨੂੰ ਜਾਰੀ ਕਰਨ ਦੀ ਬਜਾਏ ਸਮੁੱਚੇ ਕਿਸਾਨਾਂ ਦੇ ਹੱਦ ਕਰਜ਼ੇ ਰੋਕ ਦਿੱਤੇ ਗਏ ਹਨ। ਕਿਸਾਨਾਂ ਨੇ ਕਣਕ ਦੀ ਫ਼ਸਲ ਵੇਚ ਕੇ ਆਪਣੇ ਪਿਛਲੇ ਕਰਜ਼ੇ ਦੀਆਂ ਕਿਸ਼ਤਾਂ ਬੈਂਕ ਵਿੱਚ ਜਮ੍ਹਾਂ ਕਰਾ ਦਿੱਤੀਆਂ ਹਨ, ਪਰ ਅਗਲੀ ਫ਼ਸਲ ਦੀ ਬਿਜਾਈ ਜ਼ੋਰਾਂ ‘ਤੇ ਹੈ। ਕਿਸਾਨਾਂ ਨੂੰ ਖਾਦ ਬੀਜ ਅਤੇ ਨਗਦ ਕਰਜ਼ੇ ਦੀ ਅਤੀ ਜ਼ਰੂਰਤ ਹੈ, ਪਰ ਸਹਿਕਾਰੀ ਬੈਂਕ ਕਰਜ਼ਾ ਦੇਣ ਤੋਂ ਕਿਨਾਰਾ ਕਰ ਰਹੇ ਹਨ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸੇ ਤਰ੍ਹਾਂ ਕਣਕ ਦੀ ਫ਼ਸਲ ਦੇ ਬੈਂਕਾਂ ਵਿੱਚ ਕਿਸਾਨਾਂ ਦੇ ਖ਼ਾਤੇ ਜਮ੍ਹਾਂ ਹੋਈ ਰਾਸ਼ੀ ਵਿੱਚੋਂ ਵੀ ਸਾਰੀਆਂ ਬੈਂਕਾਂ ਨਗਦ ਰਕਮ ਨਹੀਂ ਦੇ ਰਹੀਆਂ। ਹਰ ਰੋਜ਼ ਨਿਗੂਣੀ ਰਕਮ ਪਿੱਛੇ ਕਿਸਾਨ ਲਾਈਨਾਂ ਵਿੱਚ ਲੱਗ ਰਹੇ ਹਨ। ਬੈਂਕਾਂ ਵੱਲੋਂ ਭੁਗਤਾਨ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਕਿਸਾਨਾਂ ਦੇ ਫ਼ਸਲੀ ਲੋੜਾਂ ਦੀ ਚਿੰਤਾ ਵੱਧ ਗਈ ਹੈ। ਇਸੇ ਕਾਰਨ ਕਿਸਾਨਾਂ ਪ੍ਰਤੀ ਏਕੜ ਵਧਾਈ ਹੋਈ ਰਾਸ਼ੀ ਅਨੁਸਾਰ ਕਰਜੇ ਤੁਰੰਤ ਜਾਰੀ ਕਰਾਉਣ ਲਈ 6 ਮਈ ਨੂੰ ਜ਼ਿਲ੍ਹੇ ਭਰਦੀਆਂ ਸਹਿਕਾਰੀ ਬੈਂਕਾਂ ਦੀਆਂ ਬਰਾਂਚਾਂ ਸਾਹਮਣੇ ਵੱਡੀ ਪੱਧਰ ’ਤੇ ਕਿਸਾਨ ਧਰਨਿਆਂ ’ਚ ਸ਼ਾਮਲ ਹੋਣਗੇ। ਮੀਟਿੰਗ ’ਚ ਦੂਸਰੇ ਅਜੰਡੇ ਰਾਹੀਂ ਫੈਸਲਾ ਕੀਤਾ ਗਿਆ ਕਿ ਪਿੰਡ ਹਸਨਪੁਰ ਦੇ ਨੌਜਵਾਨ ਦਵਿੰਦਰ ਸਿੰਘ ਦੇ ਖੁਦਕੁਸ਼ੀ ਮਾਮਲੇ ਦੇ ਰਹਿੰਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਜੋ ਮਾਨਸਾ ਐੱਸਐੱਸਪੀ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ ਸੀ ਤਾਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਜਲਦ ਹੀ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਪਰ ਅਜੇ ਤੱਕ ਰਹਿੰਦੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਇਕ ਹਫ਼ਤੇ ਦੀ ਚਿਤਾਵਨੀ ਦੇ ਕੇ ਮੰਗ ਕੀਤੀ ਕਿ ਰਹਿੰਦੇ ਦੋ ਦੋਸ਼ੀਆਂ ਨੂੰ ਤੁਰੰਤ ਨਾਮਜ਼ਦ ਕਰਕੇ ਜੇਲ੍ਹ ਭੇਜਿਆ ਜਾਵੇ। ਇੱਕ ਹਫ਼ਤੇ ਬਾਅਦ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਜੱਥੇਬੰਦੀ ਵੱਲੋਂ ਮਾਨਸਾ ਐਸਐਸਪੀ ਦਫ਼ਤਰ ਸਾਹਮਣੇ ਦੁਆਰਾ ਮੋਰਚਾ ਸ਼ੁਰੂ ਕਰਨ ਲਈ ਮਜਬੂਰ ਹੋਣਾ ਪਵੇਗਾ। ਪਿੰਡ ਕਰਮਗੜ੍ਹ ਦੇ ਕੁਰਕੀ ਨਿਲਾਮੀ ਮਾਮਲੇ ਵਿੱਚ ਜੱਥੇਬੰਦੀ ਦੇ 19 ਵਰਕਰਾਂ ਨੂੰ ਝੂਠੇ ਮੁਕੱਦਮੇ ਵਿੱਚ ਉਲਝਾਇਆ ਗਿਆ ਹੈ। ਇਸ ਦੀ ਨਿਖੇਧੀ ਕਰਦੇ ਹੋਏ ਮੰਗ ਕੀਤੀ ਗਈ ਕਿ ਕਿਸਾਨਾਂ ਤੇ ਬਣਾਏ ਗਲਤ ਮੁਕਦਮੇ ਤੁਰੰਤ ਵਾਪਸ ਲਏ ਜਾਣ। ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੂਬਾ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ, ਜ਼ਿਲ੍ਹਾ ਜਨਰਲ ਸਕੱਤਰ ਤਾਰਾ ਚੰਦ ਬਰੇਟਾ, ਜ਼ਿਲ੍ਹਾ ਮੀਤ ਪ੍ਰਧਾਨ ਜਗਦੇਵ ਸਿੰਘ ਕੋਟਲੀ, ਜ਼ਿਲ੍ਹਾ ਖਜਾਨਚੀ ਦੇਵੀ ਰਾਮ ਰੰਗੜਿਆਲ, ਬਲਾਕ ਬੁਢਲਾਡਾ ਦੇ ਪ੍ਰਧਾਨ ਬਲਦੇਵ ਸਿੰਘ ਪਿੱਪਲੀਆਂ, ਜਨਰਲ ਸਕੱਤਰ ਮੇਲਾ ਸਿੰਘ ਦਿਆਲਪੁਰਾ, ਖਜ਼ਾਨਚੀ ਜਗਜੀਵਨ ਸਿੰਘ ਹਸਨਪੁਰ, ਬਲਾਕ ਮਾਨਸਾ ਦੇ ਪ੍ਰਧਾਨ ਬਲਜੀਤ ਸਿੰਘ ਭੈਣੀ ਬਾਘਾ, ਜਰਨਲ ਸਕੱਤਰ ਮਹਿੰਦਰ ਸਿੰਘ ਬੁਰਜ ਰਾਠੀ, ਖ਼ਜ਼ਾਨਚੀ ਗੁਰਚੇਤ ਸਿੰਘ ਚਕੇਰੀਆਂ, ਬਲਾਕ ਝੁਨੀਰ ਦੇ ਪ੍ਰਧਾਨ ਤੇਜਾ ਸਿੰਘ ਰਾਮਾਨੰਦੀ, ਜ਼ਿਲ੍ਹਾ ਪ੍ਰੈਸ ਸਕੱਤਰ ਹਰਬੰਸ ਸਿੰਘ ਟਾਂਡੀਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਿਸਾਨ ਆਗੂ ਤੇ ਵਰਕਰ ਸ਼ਾਮਲ ਸਨ।