ਹਲਕਾ ਸਰਦੂਲਗੜ੍ਹ ਦੇ ਪਿੰਡ ਜੌੜਕੀਆਂ ‘ਚ ਪਿਛਲੇ ਦਿਨੀਂ ਲਾਪਤਾ ਹੋਈ 90 ਸਾਲਾ ਬਜ਼ੁਰਗ ਔਰਤ ਦੀ ਲਾਸ਼ ਇੱਕ ਘਰ ‘ਚ ਬੰਦ ਪੇਟੀ ‘ਚੋਂ ਬਰਾਮਦ ਕੀਤੀ ਗਈ ਹੈ। ਪਿਛਲੇ ਚਾਰ ਦਿਨਾਂ ਤੋਂ ਲਾਪਤਾ ਬਜ਼ੁਰਗ ਔਰਤ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ, ਪਰ ਉਸਦੇ ਬਾਰੇ ਕੁਝ ਵੀ ਪਤਾ ਨਹੀਂ ਚੱਲ ਰਿਹਾ ਸੀ। ਹਾਲਾਂਕਿ ਲੋਕਾਂ ਦੀ ਚਰਚਾ ਹੈ ਕਿ ਨਸ਼ੇੜੀਆਂ ਵੱਲੋਂ ਅਜਿਹਾ ਮਾੜਾ ਕੀਤਾ ਗਿਆ ਹੈ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਹਲਕਾ ਸਰਦੂਲਗੜ੍ਹ ਦੇ ਪਿੰਡ ਜੌੜਕੀਆਂ ‘ਚ ਪਿਛਲੇ ਦਿਨੀਂ ਲਾਪਤਾ ਹੋਈ 90 ਸਾਲਾ ਬਜ਼ੁਰਗ ਔਰਤ ਦੀ ਲਾਸ਼ ਇੱਕ ਘਰ ‘ਚ ਬੰਦ ਪੇਟੀ ‘ਚੋਂ ਬਰਾਮਦ ਕੀਤੀ ਗਈ ਹੈ। ਪਿਛਲੇ ਚਾਰ ਦਿਨਾਂ ਤੋਂ ਲਾਪਤਾ ਬਜ਼ੁਰਗ ਔਰਤ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ, ਪਰ ਉਸਦੇ ਬਾਰੇ ਕੁਝ ਵੀ ਪਤਾ ਨਹੀਂ ਚੱਲ ਰਿਹਾ ਸੀ। ਹਾਲਾਂਕਿ ਲੋਕਾਂ ਦੀ ਚਰਚਾ ਹੈ ਕਿ ਨਸ਼ੇੜੀਆਂ ਵੱਲੋਂ ਅਜਿਹਾ ਮਾੜਾ ਕੀਤਾ ਗਿਆ ਹੈ।
ਪਰਿਵਾਰਿਕ ਮੈਂਬਰਾਂ ਦੇ ਦੱਸਣ ਅਨੁਸਾਰ ਸੁਖਦੇਵ ਕੌਰ ਪਤਨੀ ਭਜਨ ਸਿੰਘ ਵਾਸੀ ਜੌੜਕੀਆਂ ਸਵੇਰੇ ਆਪਣੇ ਘਰੋਂ ਗੁਰਦੁਆਰਾ ਸਾਹਿਬ ਜੌੜਕੀਆਂ ਵਿਖੇ ਮੱਥਾ ਟੇਕਣ ਗਈ, ਪਰ ਵਾਪਿਸ ਨਹੀਂ ਆਈ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਜਦ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਤਾਂ ਕੁਝ ਕੈਮਰਿਆਂ ਤੋਂ ਮਾਤਾ ਇੱਕ ਰਸਤੇ ਰਾਹੀਂ ਘਰ ਵੱਲ ਜਾਂਦੀ ਦਿਖਾਈ ਦਿੱਤੀ। ਪਰ ਉਹ ਘਰ ਨਾ ਪਹੁੰਚੀ। ਸ਼ੱਕ ਦੇ ਅਧਾਰ ਤੇ ਕੁਝ ਘਰਾਂ ਦੀ ਪੁਲਿਸ ਵੱਲੋਂ ਤਲਾਸ਼ੀ ਵੀ ਲਈ ਗਈ। ਜਦ ਪੁਲਿਸ ਇੱਕ ਘਰ ਦੀ ਤਲਾਸ਼ੀ ਲੈ ਰਹੀ ਸੀ ਤਾਂ ਪੇਟੀ ਵਿੱਚੋਂ ਸੁਖਦੇਵ ਕੌਰ ਦੀ ਲਾਸ਼ ਮਿਲੀ ਹੈ। ਇਹ ਬੁਰ੍ਹੀ ਤਰ੍ਹਾਂ ਖ਼ਰਾਬ ਹੋ ਚੁੱਕੀ ਸੀ।
ਮੁੱਢਲੀ ਤਫ਼ਤੀਸ਼ ਅਨੁਸਾਰ ਸੁਖਦੇਵ ਕੌਰ ਦਾ ਕਤਲ ਕੁਝ ਨੌਜਵਾਨਾਂ ਵੱਲੋਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਕੀਤਾ ਗਿਆ ਕਿਉਂਕਿ ਉਨ੍ਹਾਂ ਦੇ ਕੰਨਾਂ ਅਤੇ ਹੱਥਾਂ ਵਿੱਚ ਕੁਝ ਸੋਨਾ ਪਾਇਆ ਹੋਇਆ ਸੀ। ਜਦ ਲਾਸ਼ ਬਰਾਮਦ ਕੀਤੀ ਗਈ ਤਾਂ ਉਹ ਸਾਰੇ ਗਹਿਣੇ ਗਾਇਬ ਸਨ। ਪਿੰਡ ਦੇ ਹੀ ਨੌਜਵਾਨਾਂ ਵੱਲੋਂ ਇਸ ਤਰ੍ਹਾਂ ਪਿੰਡ ਦੀ ਹੀ ਇੱਕ ਬਜ਼ੁਰਗ ਔਰਤ ਨੂੰ ਆਪਣੇ ਲਾਲਚ ਲਈ ਇਸ ਤਰ੍ਹਾਂ ਕਤਲ ਕਰਨ ਦੇਣ ਦੀ ਘਟਨਾ ਨੇ ਪੂਰ੍ਹੇ ਪਿੰਡ ਨੂੰ ਝੰਜੋੜ ਕੇ ਰੱਖ ਦਿੱਤਾ। ਪਿੰਡ ਵਾਸੀਆਂ ਅਤੇ ਮੋਹਤਵਰਾਂ ਦਾ ਕਹਿਣਾ ਹੈ ਕਿ ਪਿੰਡ ‘ਚ ਅਜਿਹੀ ਵਾਰਦਾਤ ਦਾ ਹੋਣਾ ਬਹੁਤ ਗੰਭੀਰ ਹੈ। ਪੰਜਾਬ ਵਿੱਚ ਅਜਿਹੀਆ ਵਾਰਦਾਤਾਂ ਹੋਣ ਲੱਗੀਆਂ ਹਨ ਕਿ ਸੁਣ ਕੇ ਵੀ ਵਿਅਕਤੀ ਕੰਬ ਜਾਂਦਾ ਹੈ। ਉਨ੍ਹਾਂ ਪੁਲਿਸ ਕੋਲੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਦੀ ਜਲਦ ਭਾਲ ਕਰਕੇ ਉਨ੍ਹਾਂ ‘ਤੇ ਸਖ਼ਤ ਸਖਤ ਕਾਰਵਾਈ ਕੀਤੀ ਜਾਵੇ।
ਇਸ ਬਾਰੇ ਥਾਣਾ ਜੌੜਕੀਆਂ ਦੇ ਮੁਖੀ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਜਗਸੀਰ ਸਿੰਘ ਵਾਸੀ ਜੌੜਕੀਆਂ ਦੇ ਘਰ ਅੰਦਰ ਪਈ ਪੇਟੀ ਵਿੱਚੋਂ ਲਾਸ਼ ਬਰਾਮਦ ਹੋਈ ਹੈ।ਫੋਰੈਂਸਿਕ ਟੀਮ ਨੇ ਵੀ ਲਾਸ਼ ਦੀ ਚੰਗੀ ਤਰ੍ਹਾਂ ਪੜਤਾਲ ਕਰ ਲਈ ਹੈ। ਇਸ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਹੁਣ ਤੱਕ ਦੀ ਜਾਂਚ ਦੇ ਅਧਾਰ ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ ਅਤੇ ਬਾਕੀ ਜਾਂਚ ਪੂਰੀ ਹੋਣ ਬਾਅਦ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਬਾਅਦ ਸਾਰੀ ਸਥਿਤੀ ਸਪੱਸ਼ਟ ਹੋਣ ਤੇ ਬਣਦੀਆਂ ਧਰਾਵਾਂ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਜਦ ਵਿਅਕਤੀ ਨਸ਼ਾ ਆਦਿ ਕਰਦਾ ਹੋਣ ਬਾਰੇ ਪੁੱਛਣ ’ਤੇ ਇੰਸਪੈਕਟਰ ਬਲਵੀਰ ਸਿੰਘ ਨੇ ਕਿਹਾ ਕਿ ਇਹ ਤਾਂ ਉਸ ਨੂੰ ਫੜ੍ਹ ਕੇ ਡੋਪ ਟੈਸਟ ਕਰਵਾ ਕੇ ਹੀ ਕੁੱਝ ਪਤਾ ਲੱਗ ਸਕਦਾ ਹੈ। ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ।