ਕਾਂਗਰਸ ਨੇ ਕੇਂਦਰ ਖ਼ਿਲਾਫ਼ ਕੀਤਾ ਰੋਸ ਮੁਜ਼ਾਹਰਾ
ਮਾਨਸਾ ਜ਼ਿਲ੍ਹੇ ’ਚ ਕਾਂਗਰਸੀ
Publish Date: Fri, 20 Feb 2026 07:56 PM (IST)
Updated Date: Sat, 21 Feb 2026 04:13 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਜ਼ਿਲ੍ਹੇ ’ਚ ਕਾਂਗਰਸੀ ਆਗੂਆਂ ਨੇ ਭਾਰਤ ਅਮਰੀਕਾ ਟ੍ਰੇਡ ਡੀਲ ਦੇ ਵਿਰੋਧ ’ਚ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਟ੍ਰੇਡ ਡੀਲ ਨੂੰ ਰੱਦ ਕਰਨ ਦੀ ਮੰਗ ਕੀਤੀ ਅਤੇ ਰਾਸ਼ਟਰਪਤੀ ਦੇ ਨਾਮ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਸੌਂਪਿਆ। ਕਾਂਗਰਸੀ ਆਗੂਆਂ ਨੇ ਬਲਕੌਰ ਸਿੰਘ ਸਿੱਧੂ ਮੂਸੇਵਾਲਾ, ਬਿਕਰਮਜੀਤ ਸਿੰਘ ਮੋਫ਼ਰ, ਕੁਲਵੰਤ ਰਾਏ ਸਿੰਗਲਾ ਅਤੇ ਹੋਰਾਂ ਨੇ ਡੀਲ ਨੂੰ ਕਿਸਾਨ ਅਤੇ ਮਜ਼ਦੂਰ ਵਿਰੋਧੀ ਜਤਾਇਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਸ ਸਮਝੌਤੇ ਤੋਂ ਦੇਸ਼ ਦੇ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਵੇਗਾ ਅਤੇ ਉਨ੍ਹਾਂ ਦੀ ਆਮਦਨ ’ਤੇ ਸਿੱਧਾ ਅਸਰ ਪਵੇਗਾ। ਸਰਦੂਲਗੜ੍ਹੇ ਕਾਂਗਰਸੀ ਆਗੂ ਬਿਕਰਮ ਮੋਫ਼ਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਵੀ ਕਿਸਾਨਾਂ ਦੇ ਖ਼ਿਲਾਫ਼ ਤਿੰਨ ਖੇਤੀ ਕਾਨੂੰਨ ਲਿਆਂਦੇ ਸਨ, ਜਿਨ੍ਹਾਂ ਦਾ ਦੇਸ਼ ਭਰ ਵਿੱਚ ਵਿਰੋਧ ਹੋਇਆ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਹੁਣ ਇਹ ਟ੍ਰੇਡ ਡੀਲ ਅਮਰੀਕਾ ਨੂੰ ਫ਼ਾਇਦਾ ਪਹੁੰਚਾਉਣ ਲਈ ਕੀਤੀ ਗਈ ਹੈ, ਇਸ ਨਾਲ ਭਾਰਤੀ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਵੇਗਾ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਤਕਰੀਬਨ ਇੱਕ ਸਾਲ ਚੱਲੇ ਅੰਦੋਲਨ ਦੇ ਬਾਅਦ ਖੇਤੀ ਕਾਨੂੰਨ ਵਾਪਸ ਲੈਣੇ ਪਏ ਸਨ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਇਹ ਟ੍ਰੇਡ ਡੀਲ ਰੱਦ ਨਹੀਂ ਕੀਤੀ ਜਾਂਦੀ। ਕਾਂਗਰਸ ਪਾਰਟੀ ਕੇਂਦਰ ਸਰਕਾਰ ਖ਼ਿਲਾਫ਼ ਆਪਣਾ ਵਿਰੋਧ ਜਾਰੀ ਰੱਖੇਗੀ।