ਮਾਨਸਾ ਦੀ ਮੰਜੂ ਨੇ ਜਿੱਤਿਆ ਮੈਰਾਥਨ ਪੈਦਲ ਤੋਰ ਮੁਕਾਬਲਾ
ਉੱਤਰ ਪ੍ਰਦੇਸ਼ ਦੇ ਕੌਮਾਂਤਰੀ ਐਥਲੀਟ ਰਾਮ
Publish Date: Sun, 22 Feb 2026 07:49 PM (IST)
Updated Date: Mon, 23 Feb 2026 04:13 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ
ਸਥਾਨਕ ਜ਼ਿਲ੍ਹੇ ਦੇ ਪਿੰਡ ਖੈਰਾ ਖੁਰਦ ਦੀ ਧੀ ਮੰਜੂ ਰਾਣੀ ਨੇ 13ਵੀਂ ਇੰਡੀਅਨ ਓਪਨ ਰੇਸ ਵਾਕਿੰਗ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਪੰਜਾਬ ਦੀ ਮੰਜੂ ਨੇ ਸ਼ਨਿੱਚਰਵਾਰ ਨੂੰ ਚੰਡੀਗੜ੍ਹ ਸੁਖਨਾ ਝੀਲ ’ਤੇ ਓਪਨ ਇੰਡੀਅਨ ਰੇਸ ਵਾਕਿੰਗ ਚੈਂਪੀਅਨਸ਼ਿਪ ’ਚ ਮਹਿਲਾਵਾਂ ਦੇ ਪੈਦਲ ਤੋਰ ਮੈਰਾਥਨ ਮੁਕਾਬਲੇ ਵਿੱਚ ਇਹ ਜਿੱਤ ਹਾਸਲ ਕੀਤੀ ਹੈ। ਇੱਥੇ ਜ਼ਿਕਰਯੋਗ ਹੈ ਕਿ ਮੰਜੂ ਰਾਣੀ ਪੰਜਾਬ ਦੇ ਪਿੰਡ ਖੈਰਾ ਖੁਰਦ ਦੀ ਜੰਮਪਲ ਹੈ। ਪਿੰਡ ਖੈਰਾ ਖੁਰਦ ਹਰਿਆਣਾ ਅਤੇ ਪੰਜਾਬ ਦੀ ਹੱਦ ’ਤੇ ਪੰਜਾਬ ਵਿੱਚ ਮਾਨਸਾ ਜ਼ਿਲ੍ਹੇ ’ਚ ਵਸਿਆ ਹੋਇਆ ਹੈ। ਮੰਜੂ ਰਾਣੀ ਇੱਕ ਗਰੀਬ ਪਰਿਵਾਰ ’ਚੋਂ ਹੈ ਅਤੇ ਲਗਾਤਾਰ ਕੀਤੀ ਮਿਹਨਤ ਨਾਲ ਉਪਲੱਬਧੀਆਂ ਹਾਸਲ ਕਰ ਰਹੀ ਹੈ। ਖੈਰਾ ਖੁਰਦ ਪਿੰਡ ਦੀ ਜੰਮਪਲ ਮੰਜੂ ਰਾਣੀ ਨੇ ਇਹ ਹੋਈ ਚੈਂਪੀਅਨਸ਼ਿਪ ਵਿੱਚ 3.33.24 ਦੇ ਸਮੇਂ ਨਾਲ ਨਵਾਂ ਨੈਸ਼ਨਲ ਰਿਕਾਰਡ ਬਣਾਉਂਦਿਆਂ ਗੋਲਡ ਮੈਡਲ ਜਿੱਤ ਲਿਆ। ਮੰਜੂ ਨੇ ਕਾਮਨਵੈਲਥ ਗੇਮਜ਼ ਮੈਡਲਿਸਟ ਪ੍ਰਿਅੰਕਾ ਗੋਸਵਾਮੀ ਸਮੇਤ ਕੁੱਝ ਮਜ਼ਬੂਤ ਮੁਕਾਬਲੇਬਾਜ਼ਾਂ ਨੂੰ ਪਛਾੜਿਆ, ਜਿਸ ਨੇ 3 ਘੰਟੇ 37 ਮਿੰਟ 24 ਸੈਕਿੰਡ ਦਾ ਸਮਾਂ ਲਿਆ, ਜਦਕਿ ਪ੍ਰਿੰਯੰਕਾ ਨੇ 3 ਘੰਟੇ 37 ਮਿੰਟ 25 ਸੈਕਿੰਡ ਦੇ ਸਮੇਂ ਨਾਲ ਸਿਲਵਰ ਮੈਡਲ ਜਿੱਤਿਆ, ਜਦੋਂਕਿ ਪਾਇਲ ਨੇ 3 ਘੰਟੇ 39 ਮਿੰਟ 57 ਸੈਕਿੰਡ ਦੇ ਸਮੇਂ ਨਾਲ ਕਾਂਸੀ ਦਾ ਮੈਡਲ ਜਿੱਤਿਆ। ਜ਼ਿਕਰਯੋਗ ਹੈ ਕਿ ਮੰਜੂ ਇਸ ਦੇ ਪਹਿਲਾਂ ਪਿਛਲੀਆਂ ਏਸ਼ੀਅਨ ਗੇਮਜ਼ ਵਿੱਚ ਵੀ ਪੈਦਲ ਤੋਰ ਮੁਕਾਬਲੇ ਵਿੱਚ ਮੈਡਲ ਜਿੱਤ ਚੁੱਕੀ ਹੈ। ਮੰਜੂ ਨੇ ਫ਼ੋਨ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਮਿਹਨਤ ਕੀਤੀ ਤੇ ਪਰਮਾਤਮਾ ਉਸ ਦਾ ਫ਼ਲ ਦੇ ਰਿਹਾ ਹੈ। ਉਸ ਨੇ ਕਿਹਾ ਕਿ ਉਹ ਇਹ ਮਿਹਨਤ ਲਗਾਤਾਰ ਜਾਰੀ ਰੱਖੇਗੀ ਅਤੇ ਇਸੇ ਤਰ੍ਹਾਂ ਹੀ ਅੱਗੇ ਵਧੇਗੀ। ਉਸ ਨੇ ਕਿਹਾ ਕਿ ਉਸ ਦੇ ਮਾਪਿਆਂ ਦਾ ਇਸ ਵਿੱਚ ਵੱਡਾ ਸਾਥ ਹੈ।