ਮਾਈ ਭਾਗੋ ਡਿਗਰੀ ਕਾਲਜ ਰੱਲਾ ਵਿਖੇ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਾਈ ਭਾਗੋ ਡਿਗਰੀ ਕਾਲਜ ਰੱਲਾ ਵਿਖੇ ਪ੍ਰਿੰਸੀਪਲ ਡਾ. ਪਰਮਿੰਦਰ ਕੁਮਾਰੀ ਦੀ ਰਹਿਨੁਮਾਈ ਅਤੇ ਸਮੂਹ ਸਟਾਫ਼ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਮੁੱਖ ਰਖਦੇ ਹੋਏ ਸਨਮਾਨ ਸਮਾਗਮ ਕਰਵਾਇਆ। ਸਮਾਗਮ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ, ਜਿਨ੍ਹਾਂ ਨੇ ਪੂਰੇ ਸੈਸ਼ਨ ਦੌਰਾਨ ਅਕਾਦਮਿਕ ਖੇਤਰ, ਸਹਿ-ਸਰਗਰਮੀਆਂ ਤੇ ਸੰਸਥਾ ਵੱਲੋਂ ਕਰਵਾਏ ਵੱਖ-ਵੱਖ ਸਮਾਗਮਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ. ਪਰਮਿੰਦਰ ਕੁਮਾਰੀ ਨੇ ਕਿਹਾ ਕਿ ਸਿੱਖਿਆ ਦਾ ਅਸਲ ਉਦੇਸ਼ ਸਿਰਫ਼ ਕਿਤਾਬੀ ਗਿਆਨ ਤੱਕ ਸੀਮਿਤ ਨਹੀਂ ਹੁੰਦਾ, ਸਗੋਂ ਵਿਦਿਆਰਥੀਆਂ ਦੇ ਬੌਧਿਕ, ਸਮਾਜਿਕ, ਨੈਤਿਕ ਤੇ ਵਿਅਕਤੀਗਤ ਵਿਕਾਸ ਨੂੰ ਯਕੀਨੀ ਬਣਾਉਣਾ ਵੀ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਮਾਈ ਭਾਗੋ ਡਿਗਰੀ ਕਾਲਜ ਰੱਲਾ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਉੱਚ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ’ਚ ਲੀਡਰਸ਼ਿਪ, ਆਤਮ-ਵਿਸ਼ਵਾਸ ਤੇ ਅਨੁਸ਼ਾਸਨ ਵਰਗੀਆਂ ਗੁਣਵੱਤਾ ਦਾ ਵਿਕਾਸ ਕਰਨ ਲਈ ਨਿਰੰਤਰ ਯਤਨਸ਼ੀਲ ਰਹਿੰਦਾ ਹੈ। ਇਸੇ ਉਦੇਸ਼ ਤਹਿਤ ਸੰਸਥਾ ਵੱਲੋਂ ਸਮੇਂ-ਸਮੇਂ ’ਤੇ ਵਿਦਿਆਰਥੀਆਂ ਲਈ ਯੂਥ ਫੈਸਟੀਵਲ, ਸੈਮੀਨਾਰ, ਵਰਕਸ਼ਾਪਾਂ, ਐੱਨਐੱਸਐੱਸ ਕੈਂਪ, ਸੱਭਿਆਚਾਰਕ ਤੇ ਸਾਹਿਤਕ ਸਰਗਰਮੀਆਂ ਕਰਵਾਈਆਂ ਜਾਂਦੀਆਂ ਹਨ। ਸਮਾਗਮ ਦੌਰਾਨ ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਕਿਸੇ ਵੀ ਵਿੱਦਿਅਕ ਸੰਸਥਾ ਦੀ ਅਸਲ ਪਛਾਣ ਉਸ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨਾਲ ਬਣਦੀ ਹੈ। ਉਨ੍ਹਾਂ ਕਿਹਾ ਕਿ ਜੋ ਵਿਦਿਆਰਥੀ ਸਾਲ ਭਰ ਅਨੁਸ਼ਾਸਨ ’ਚ ਰਹਿ ਕੇ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਪੜ੍ਹਾਈ ਅਤੇ ਸਹਿ-ਸਰਗਰਮੀਆਂ ’ਚ ਭਾਗ ਲੈਂਦੇ ਹਨ, ਉਹ ਹੋਰਨਾਂ ਲਈ ਪ੍ਰੇਰਣਾਸਰੋਤ ਬਣਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਵਿਦਿਆਰਥੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਨਮਾਨਿਤ ਕਰਨਾ ਸੰਸਥਾ ਦੀ ਨੈਤਿਕ ਜ਼ਿੰਮੇਵਾਰੀ ਹੈ, ਤਾਂ ਜੋ ਹੋਰ ਵਿਦਿਆਰਥੀ ਵੀ ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਜੀਵਨ ’ਚ ਬੁਲੰਦੀਆਂ ਹਾਸਲ ਕਰਨ ਲਈ ਪ੍ਰੇਰਿਆ।
ਇਸ ਮੌਕੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਕੁਲਦੀਪ ਸਿੰਘ ਖਿਆਲਾ, ਸਕੱਤਰ ਮਨਜੀਤ ਸਿੰਘ ਖਿਆਲਾ, ਵਾਈਸ ਚੇਅਰਮੈਨ ਪਰਮਜੀਤ ਸਿੰਘ ਬੁਰਜ ਹਰੀ, ਪ੍ਰਿੰਸੀਪਲ ਡਾ. ਪਰਮਿੰਦਰ ਕੁਮਾਰੀ, ਆਫਿਸ ਐਡਮਿਨਿਸਟ੍ਰੇਟਰ ਮੈਡਮ ਲਵਪ੍ਰੀਤ ਕੌਰ, ਮੈਡਮ ਕੁਲਜੀਤ ਕੌਰ ਤੇ ਸਕੂਲ ਪ੍ਰਿੰਸੀਪਲ ਸਵਿਤਾ ਕਾਠ ਵੱਲੋਂ ਵਿਦਿਆਰਥੀਆਂ ਨੂੰ ਇਨਾਮੀ ਰਾਸ਼ੀ ਦੇ ਚੈੱਕ ਭੇਟ ਕੀਤੇ। ਇਸ ਦੌਰਾਨ ਉਨ੍ਹਾਂ ਵਿਦਿਆਰਥੀਆਂ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ, ਜਿਨ੍ਹਾਂ ਨੇ ਕਾਲਜ ਦਾ ਨਾਮ ਵੱਖ-ਵੱਖ ਸਰਗਰਮੀਆਂ ਦੌਰਾਨ ਰੌਸ਼ਨ ਕੀਤਾ। ਸਮਾਗਮ ਦੌਰਾਨ ਅਧਿਆਪਕ ਸਾਹਿਬਾਨਾਂ ਨੇ ਵੀ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ ਤੇ ਕਿਹਾ ਕਿ ਸਫਲਤਾ ਪ੍ਰਾਪਤ ਕਰਨ ਲਈ ਲਗਾਤਾਰ ਮਿਹਨਤ, ਅਨੁਸ਼ਾਸਨ ਤੇ ਸਕਾਰਾਤਮਕ ਸੋਚ ਦਾ ਸੁਨੇਹਾ ਦਿੱਤਾ। ਸਮਾਗਮ ਦੌਰਾਨ ਸਮੂਹ ਮੈਨੇਜਮੈਂਟ ਮੈਂਬਰ, ਅਧਿਆਪਕ ਸਾਹਿਬਾਨ ਤੇ ਵਿਦਿਆਰਥੀ ਹਾਜ਼ਰ ਸਨ।