ਮੁੱਖ ਮੰਤਰੀ ਦੀ ਸ਼ੁਕਰਾਨਾ ਯਾਤਰਾ ਮਾਨਸਾ

-ਪੁਰਾਣੀ ਪੈਨਸ਼ਨ ਬਹਾਲੀ ਦੇ ਆਗੂ, ਆਸ਼ਾ ਵਰਕਰਾਂ, ਵੀਰਪਾਲ ਕੌਰ ਰੱਲਾ ਤੇ ਹੋਰ ਜਥੇਬੰਦੀਆਂ ਦੇ ਆਗੂ ਹਿਰਾਸਤ ’ਚ ਲਏ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮੁੱਖ ਮੰਤਰੀ ਦੀ ਸ਼ੁਕਰਾਨਾ ਯਾਤਰਾ ਮਾਨਸਾ ਵਿਖੇ ਆਉਣ ਦੇ ਪ੍ਰੋਗਰਾਮ ਪਹਿਲਾਂ ਹੀ ਸਵੇਰੇ ਵੱਡੇ ਤੜਕੇ ਪੁਰਾਣੀ ਪੈਨਸ਼ਨ ਦੀ ਲੜਾਈ ਲੜ ਰਹੇ ਆਗੂਆਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ ਗਈ। ਆਗੂਆਂ ਨੂੰ ਘਰਾਂ ’ਚੋਂ ਹੀ ਚੁੱਕ ਲਿਆ। ਇਸ ਤੋਂ ਇਲਾਵਾ ਦੁਪਹਿਰ ਵੇਲੇ ਸ਼ੁਕਰਾਨਾ ਯਾਤਰਾ ਦੇ ਪਹੁੰਚਣ ਸਮੇਂ ਆਸ਼ਾ ਵਰਕਰਾਂ, ਵੀਰਪਾਲ ਕੌਰ ਰੱਲਾ ਤੇ ਹੋਰ ਜਥੇਬੰਦੀਆਂ ਦੇ ਵਰਕਰਾਂ ਨੂੰ ਪੁਲਿਸ ਨੇ ਅਲੱਗ ਅਲੱਗ ਥਾਣਿਆਂ ’ਚ ਹਿਰਾਸਤ ਵਿੱਚ ਲੈ ਲਿਆ। ਜਿੱਥੇ ਅੱਜ ਸ਼ੁਕਰਾਨਾ ਯਾਤਰਾ ਦੇ ਆਉਣ ਸਮੇਂ ਖੁਫ਼ੀਆ ਤੰਤਰ ਵਿਰੋਧ ਹੋਣ ਸੰਭਾਵਨਾ ਦੇ ਮੱਦੇਨਜ਼ਰ ਵਿਰੋਧ ਕਰਨ ਵਾਲਿਆਂ ਦੀ ਭਾਲ ਕਰਦਾ ਦਿਖਿਆ, ਉਥੇ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਵੀ ਹਰ ਚੱਪੇ ਚੱਪੇ ਤੇ ਨਜ਼ਰ ਰੱਖਦੇ ਹੋਏ ਦਿਸੇ। ਅਲੱਗ ਅਲੱਗ ਜਗ੍ਹਾ ਤੋਂ ਹਿਰਾਸਤ ’ਚ ਲਏ ਆਗੂ ਅਤੇ ਵਰਕਰਾਂ ਨੂੰ ਅਲੱਗ ਅਲੱਗ ਥਾਣਿਆਂ ’ਚ ਡੱਕ ਦਿੱਤਾ ਗਿਆ। ਸ਼ਾਮ ਨੂੰ ਇੰਨ੍ਹਾਂ ਆਗੂਆਂ ਅਤੇ ਵਰਕਰਾਂ ਨੂੰ ਰਿਹਾਅ ਕੀਤਾ ਗਿਆ।
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂਆਂ ਦਰਸ਼ਨ ਅਲੀਸ਼ੇਰ, ਲਖਵਿੰਦਰ ਮਾਨ, ਰਾਜਵਿੰਦਰ ਸਿੰਘ ਬੈਹਣੀਵਾਲ ਅਤੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਚਾਰ ਵਜੇ ਪੁਰਾਣੀ ਪੈਨਸ਼ਨ ਦੀ ਮੰਗ ਕਰਨ ਵਾਲੇ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਕਰਮਜੀਤ ਤਾਮਕੋਟ, ਗੁਰਪ੍ਰੀਤ ਭੀਖੀ, ਕੁਲਦੀਪ ਅੱਕਾਂਵਾਲੀ ਅਤੇ ਬਲਵਿੰਦਰ ਘਰਾਂਗਣਾ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਕੋਟ ਧਰਮੂ ਵਿਖੇ ਅਤੇ ਦਰਸ਼ਨ ਜਟਾਣਾ ਨੂੰ ਥਾਣਾ ਸਰਦੂਲਗੜ੍ਹ ਵਿੱਚ ਬੰਦ ਕਰ ਦਿੱਤਾ। ਇਸੇ ਸੀਪੀਐਫ਼ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਧਰਮਿੰਦਰ ਹੀਰੇਵਾਲਾ ਨੂੰ ਵੀ ਹਿਰਾਸਤ ’ਚ ਲੈ ਕੇ ਕੇ ਥਾਣਾ ਸਿਟੀ 2 ਵਿੱਚ ਬੰਦ ਕਰ ਦਿੱਤਾ। ਅਧਿਆਪਕ ਆਗੂਆਂ ਗੁਰਦਾਸ ਰਾਏਪੁਰ, ਹਰਜਿੰਦਰ ਅਨੂਪਗੜ੍ਹ, ਨਵੀਨ ਬੋਹਾ, ਬੇਅੰਤ ਰੜ੍ਹ ਨੇ ਸਰਕਾਰ ਦੇ ਇਸ ਵਤੀਰੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਆਪਣੇ ਹੱਕ ਮੰਗਣ ਵਾਲੇ ਲੋਕਾਂ ਦੀ ਜ਼ੁਬਾਨ ਨੂੰ ਇਸ ਤਰ੍ਹਾਂ ਜ਼ਬਰੀ ਨਹੀਂ ਦਬਾਇਆ ਜਾ ਸਕਦਾ। ਇਸ ਦੇ ਇਲਾਵਾ ਮਾਨਸਾ ਦੇ ਅਰਵਿੰਦ ਨਗਰ ਵਿਚ ਬਣਾਏ ਗਏ ਮੁੱਖ ਮੰਤਰੀ ਦੇ ਪੰਡਾਲ ਨੇੜੇ ਹਾਲਾਤ ਉਦੋਂ ਤਣਾਅਪੂਰਨ ਹੋ ਗਏ, ਜਦੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਹੁੰਚੀਆਂ ਆਸ਼ਾ ਵਰਕਰਾਂ ਤੇ ਹੋਰ ਜਥੇਬੰਦੀਆਂ ਨਾਲ ਸੰਬੰਧਿਤ ਮਹਿਲਾਵਾਂ ਨੂੰ ਪੁਲਿਸ ਵੱਲੋਂ ਰੋਕਿਆ ਗਿਆ। ਵਿਰੋਧ ਕਰਨ ‘ਤੇ ਕਈ ਮਹਿਲਾਵਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ।
ਇਸ ਕਾਰਵਾਈ ਦੌਰਾਨ ਸਮਾਜਿਕ ਕਾਰਕੁਨ ਵੀਰਪਾਲ ਕੌਰ ਰੱਲਾ ਨੂੰ ਵੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ, ਜਿਸ ਬਾਅਦ ਮੌਕੇ ‘ਤੇ ਹੰਗਾਮੇ ਵਾਲਾ ਮਾਹੌਲ ਬਣ ਗਿਆ। ਵੀਰਪਾਲ ਕੌਰ ਰੱਲਾ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਲੜਕੀ ਦੀ ਹੋਈ ਮੌਤ ਦੇ ਮਾਮਲੇ ‘ਚ ਇਨਸਾਫ਼ ਨਹੀਂ ਮਿਲ ਰਿਹਾ ਅਤੇ ਇਸ ਲਈ ਉਹ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਗੁਹਾਰ ਲਗਾਉਣਾ ਚਾਹੁੰਦੇ ਸੀ, ਪਰ ਖਿੱਚ ਧੂਹ ਕਰਕੇ ਉਨ੍ਹਾਂ ਨੂੰ ਪੁਲਿਸ ਨੇ ਲਿਆ ਕੇ ਥਾਣੇ ਵਿੱਚ ਡੱਕ ਦਿੱਤਾ। ਉਨ੍ਹਾ ਨੇ ਇਨਸਾਫ਼ ਦੀ ਮੰਗ ਕੀਤੀ ਹੈ।
ਰਿਹਾਅ ਕੀਤੇ ਜਾਣ ਸਮੇਂ ਸੀਪੀਐਫ਼ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਧਰਮਿੰਦਰ ਹੀਰੇਵਾਲਾ ਨੇ ਕਿਹਾ ਕਿ ਇਹ ਧੱਕਾ ਕੀਤਾ ਹੈ। ਅੱਜ ਸਵੇਰੇ ਹੀ ਉਨ੍ਹਾਂ ਦੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਆਪ ਸਰਕਾਰ ਹੁਣ ਆਪਣੇ ਵਾਅਦੇ ਤੋਂ ਭੱਜਦੀ ਨਜ਼ਰ ਆ ਰਹੀ ਹੈ। ਮਹਿਲਾਵਾਂ ਦਾ ਦੋਸ਼ ਹੈ ਕਿ ਸਰਕਾਰ ਲੋਕਤੰਤਰਕ ਅਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸ਼ਾਂਤੀਪੂਰਨ ਢੰਗ ਨਾਲ ਆਪਣੀਆਂ ਮੰਗਾਂ ਰੱਖਣ ਵਾਲੀਆਂ ਔਰਤਾਂ ਨਾਲ ਜਬਰਦਸਤੀ ਕੀਤੀ ਗਈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਇਹ ਕਾਰਵਾਈ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਤਾਂ ਜੋ ਕਿਸੇ ਤਰ੍ਹਾਂ ਦੀ ਅਣਚਾਹੀ ਘਟਨਾ ਨਾ ਵਾਪਰੇ।