ਕਵੀ ਸੁਰਜੀਤ ਪਾਤਰ ਦੀ ਬਰਸੀ ’ਤੇ ਲਾਈ ਪੁਸਤਕ ਪ੍ਰਦਰਸ਼ਨੀ
ਭਾਸ਼ਾ ਵਿਭਾਗ, ਪੰਜਾਬ ਦੀ ਰਹਿਨੁਮਾਈ ਹੇਠ ਸਥਾਨਿਕ
Publish Date: Tue, 12 May 2026 07:05 PM (IST)
Updated Date: Wed, 13 May 2026 04:09 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਸਥਾਨਕ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਪੰਜਾਬੀ ਦੇ ਉੱਘੇ ਕਵੀ ਸੁਰਜੀਤ ਪਾਤਰ ਦੀ ਬਰਸੀ ਨੂੰ ਸਮਰਪਿਤ ਪੁਸਤਕ ਪ੍ਰਦਰਸ਼ਨੀ ਅਤੇ ਚਰਚਾ ਦਾ ਆਯੋਜਨ ਕੀਤਾ ਗਿਆ। ਇਸ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਸੁਰਜੀਤ ਪਾਤਰ ਦੀ ਕਵਿਤਾ ਬਾਰੇ ਕਿਹਾ ਕਿ ਪਾਤਰ ਸਾਹਿਬ ਪੰਜਾਬੀ ਸਾਹਿਤ ਦੀ ਮਹੱਤਵਪੂਰਨ ਅਵਾਜ਼ ਰਹੇ ਹਨ ਤੇ ਇਨ੍ਹਾਂ ਨੇ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਵਿਸ਼ਵ ਪੱਧਰ ‘ਤੇ ਮਾਣ ਦਿਵਾਇਆ ਹੈ। ਵਿਭਾਗ ਦੇ ਖੋਜ ਅਫ਼ਸਰ ਅਤੇ ਕਵੀ ਗੁਰਪ੍ਰੀਤ ਨੇ ਸੁਰਜੀਤ ਪਾਤਰ ਦੇ ਜੀਵਨ ਤੇ ਆਪਣੀਆਂ ਸਾਂਝਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਤਰ ਸਾਹਿਬ ਬਹੁਤ ਨਿਮਰ ਅਤੇ ਮਿਠਬੋਲੜੇ ਇਨਸਾਨ ਸਨ। ਉਹ ਧਰਤੀ ਨਾਲ ਜੁੜੇ ਅਜਿਹੇ ਕਵੀ ਸਨ, ਜਿਨ੍ਹਾਂ ਨੂੰ ਆਪਣੀ ਮਕਬੂਲੀਅਤ ਦਾ ਭੋਰਾ ਵੀ ਗੁਮਾਨ ਨਹੀਂ ਸੀ। ਉਹ ਹਰ ਇਨਸਾਨ ਨੂੰ ਨੇੜੇ ਤੋਂ ਮਿਲਦੇ ਸਨ। ਉਨ੍ਹਾਂ ਕਿਹਾ ਕਿ ਅੱਜ ਭਾਵੇਂ ਉਹ ਸਾਡੇ ਵਿਚਾਲੇ ਨਹੀਂ ਰਹੇ, ਪਰ ਉਹ ਆਪਣੀ ਸ਼ਾਇਰੀ ਵਿਚ ਸਦਾ ਜਿਉਂਦੇ ਰਹਿਣਗੇ। ਇਸ ਮੌਕੇ ਉਨ੍ਹਾਂ ਨੇ ਪਾਤਰ ਬਾਰੇ ਲਿਖੀ ਕਵਿਤਾ ‘ਉਨਾਬੀ ਪੱਗ’ ਅਤੇ ਗੁਰਵਿੰਦਰ ਕੌਰ ਰੱਲਾ ਨੇ ਪਾਤਰ ਸਾਹਿਬ ਦੀ ਗ਼ਜ਼ਲ ‘ਮੈਂ ਰਾਹਾਂ ‘ਤੇ ਨਹੀਂ ਤੁਰਦਾ’ ਨੂੰ ਸੁਣਾਇਆ। ਇਸ ਪ੍ਰਦਰਸ਼ਨੀ ਵਿਚ ਯੋਗਾ ਸਿਖਿਆਰਥੀਆਂ ਨੇ ਕਿਤਾਬਾਂ ਨੂੰ ਬਹੁਤ ਹੀ ਦਿਲਚਸਪੀ ਨਾਲ ਨਿਹਾਰਿਆ। ਇਸ ਮੌਕੇ ਵਿਕਰੀ ਇੰਚਾਰਜ ਕਲਰਕ ਸਰਬਜੀਤ ਸਿੰਘ, ਕਲਰਕ ਅਰਸ਼ਦੀਪ ਸਿੰਘ, ਓਮ ਪ੍ਰਕਾਸ਼ ਤੇ ਯੋਗਾ ਸਿਖਿਆਰਥੀ ਮੋਹਿਤ, ਸਰਬਜੀਤ ਕੌਰ, ਕਰਮਪਾਲ ਕੌਰ ਆਦਿ ਸ਼ਾਮਲ ਹੋਏ।