ਡੀਪੀਓ ਦਫ਼ਤਰ ’ਚ ਅਧਿਕਾਰੀਆਂ ਨੂੰ ਮਜ਼ਦੂਰ ਆਗੂਆਂ ਨੇ ਸੌਂਪਿਆ ਮੰਗ ਪੱਤਰ
ਨੇੜਲੇ ਪਿੰਡ ਕਲੀਪੁਰ ਵਿਖੇ ਪੰਚਾਇਤ ਵੱਲੋਂ
Publish Date: Thu, 07 May 2026 05:30 PM (IST)
Updated Date: Thu, 07 May 2026 05:32 PM (IST)
ਬੁਢਲਾਡਾ : ਪਿੰਡ ਕਲੀਪੁਰ ਵਿਖੇ ਪੰਚਾਇਤ ਵੱਲੋਂ ਗਰੀਬ ਦਲਿਤ ਮਜ਼ਦੂਰਾਂ ਦੀਆਂ ਰੂੜੀਆਂ ਵਾਲੀ ਥਾਂ ਛੁਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗ਼ਰੀਬ ਮਜ਼ਦੂਰਾਂ ਦਾ ਕਹਿਣਾ ਹੈ ਕਿ ਅਸੀਂ ਤਕਰੀਬਨ 45-50 ਸਾਲਾਂ ਤੋਂ ਇਸ ਜਗ੍ਹਾ ’ਤੇ ਕੂੜਾ ਸੁੱਟ ਰਹੇ ਹਾਂ। ਪਹਿਲਾਂ ਕਦੇ ਵੀ ਕਿਸੇ ਪੰਚਾਇਤ ਨੇ ਮਜ਼ਦੂਰਾਂ ਤੋਂ ਇਹ ਥਾਂ ਇਸ ਕਰ ਕੇ ਨਹੀਂ ਛੁਡਵਾਈ ਕਿ ਮਜ਼ਦੂਰਾਂ ਕੋਲ ਕੂੜਾ ਸੁੱਟਣ ਲਈ ਹੋਰ ਕੋਈ ਥਾਂ ਨਹੀਂ ਸੀ ਪਰ ਹੁਣ ਪੰਚਾਇਤ ਮਜ਼ਦੂਰਾਂ ਤੋਂ ਰੂੜੀਆਂ ਵਾਲੀ ਜਗ੍ਹਾ ਖੋਹ ਰਹੀ ਹੈ। ਅੱਜ ਪਿੰਡ ਦੇ ਪੀੜਤ ਮਜ਼ਦੂਰਾਂ ਵੱਲੋਂ ਮਜ਼ਦੂਰ ਮੁੱਕਤੀ ਮੋਰਚਾ ਆਜ਼ਾਦ ਦੀ ਅਗਵਾਈ ਹੇਠ ਬੀਡੀਪੀਓ ਵੱਲੋਂ ਦਫ਼ਤਰ ਨਾ ਹੋਣ ਕਰ ਕੇ ਪੰਚਾਇਤ ਅਫ਼ਸਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਦਲਿਤ ਗ਼ਰੀਬ ਮਜ਼ਦੂਰਾਂ ਨਾਲ ਧੱਕਾ ਨਾ ਕੀਤਾ ਜਾਵੇ। ਮਜ਼ਦੂਰ ਮੁੱਕਤੀ ਮੋਰਚਾ ਅਜ਼ਾਦ ਦੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ ਅਤੇ ਜ਼ਿਲ੍ਹਾ ਆਗੂ ਸੁਖਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਪਿੰਡ ਦਾ ਸਰਪੰਚ ਵੀ ਦਲਿਤ ਹੈ ਅਤੇ ਹਲਕੇ ਦਾ ਵਿਧਾਇਕ ਵੀ ਦਲਿਤ ਹੈ। ਫ਼ਿਰ ਵੀ ਦਲਿਤਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਹਾਲਾਂਕਿ ਪਿੰਡ ਦੀ ਪੰਚਾਇਤ ਪੰਜਾਬ ਵਿਲੇਜ਼ ਕਾਮਨ ਲੈਂਡ (ਰੈਗੂਲੇਸ਼ਨ) ਰੂਲਜ਼ 1964 ਦੇ ਨਿਯਮ 13 ਏ ਅਨੁਸਾਰ ਸ਼ਾਮਲਾਟ ਜਗ੍ਹਾ ਵਿੱਚੋਂ ਬੇ ਘਰੇ ਕਾਮਿਆਂ ਨੂੰ 5-5 ਮਰਲੇ ਦੇ ਪਲਾਟ ਅਤੇ ਰੂੜੀਆਂ ਲਾਉਣ ਲਈ ਜਗ੍ਹਾ ਕੱਟ ਕੇ ਦੇ ਸਕਦੀ ਹੈ।
ਇਸ ਜਗ੍ਹਾ ਤੇ ਹੋਰ ਵੀ ਪਰਿਵਾਰ ਕੂੜਾ ਸੁੱਟਦੇ ਹਨ। ਉਨ੍ਹਾਂ ਤੋਂ ਜਗ੍ਹਾ ਨਹੀਂ ਛੁਡਵਾਈ ਗਈ। ਗਰੀਬ ਮਜ਼ਦੂਰਾਂ ਦੇ ਦੱਸਣ ਮੁਤਾਬਿਕ ਗ਼ਰੀਬ ਲੋਕ ਤਾਂ ਸਿਰਫ਼ ਕੂੜਾ ਹੀ ਸੁੱਟਦੇ ਹਨ ਪਰ ਪਿੰਡ ਵਿੱਚ ਹੋਰ ਬਹੁਤ ਪਰਿਵਾਰ ਹਨ। ਜਿਨ੍ਹਾਂ ਨੇ ਪੰਚਾਇਤੀ ਥਾਂ ਤੇ ਆਪਣੇ ਪੱਕੇ ਮਕਾਨ ਬਣਾ ਕੇ ਕਬਜ਼ੇ ਕੀਤੇ ਹੋਏ ਹਨ। ਉਨ੍ਹਾਂ ਤੋਂ ਵੀ ਪੰਚਾਇਤ ਕਬਜ਼ਾ ਛੁਡਾਵੇ। ਗਰੀਬਾਂ ਲੋਕਾਂ ਕੋਲ ਤਾਂ ਥਾਂ ਦੀ ਤੰਗੀ ਹੋਣ ਕਰਕੇ ਕੂੜਾ ਸੁੱਟਦੇ ਹਨ। ਪੰਚਾਇਤ ਗਰੀਬ ਲੋਕਾਂ ਤੋਂ ਥਾਂ ਛੁਡਾਉਣ ਲਈ ਵਿਕਾਸ ਦੇ ਨਾਂ ਤੇ ਕੋਈ ਨਾ ਕੋਈ ਬਹਾਨਾ ਲੱਭ ਲੈਂਦੇ ਹਨ। ਜੇਕਰ ਪੰਚਾਇਤ ਨੇ ਕਬਜ਼ਾ ਛੁਡਾਉਣਾ ਹੈ ਤਾਂ ਜਿਹੜੇ ਪਰਿਵਾਰਾਂ ਨੇ ਹੋਰ ਵੀ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਤੋਂ ਵੀ ਛੁਡਵਾਵੇ ਪਰ ਗਰੀਬਾਂ ਨਾਲ ਪੰਚਾਇਤ ਧੱਕਾ ਨਾ ਕਰੇ। ਜੇਕਰ ਪੰਚਾਇਤ ਵੱਲੋਂ ਫ਼ਿਰ ਵੀ ਗਰੀਬ ਲੋਕਾਂ ਨਾਲ ਧੱਕਾ ਕੀਤਾ ਗਿਆ ਤਾਂ ਜੱਥੇਬੰਦੀ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਅਤੇ ਮਜ਼ਦੂਰਾਂ ਨਾਲ ਧੱਕਾ ਨਹੀਂ ਹੋਣ ਦਿਆਂਗੇ। ਇਸ ਸਮੇਂ ਇਹਨਾਂ ਨਾਲ ਬਲਾਕ ਸੰਮਤੀ ਮੈਂਬਰ ਵੀਰਪਾਲ ਕੌਰ ਕਲੀਪੁਰ, ਗੋਰਾ ਸਿੰਘ, ਮਨਦੀਪ ਕੌਰ, ਗੁਰਪ੍ਰੀਤ ਕੌਰ, ਚਰਨਜੀਤ ਕੌਰ, ਗੁਰਦੇਵ ਕੌਰ, ਬਲਵੀਰ ਕੌਰ, ਹਰਪਾਲ ਕੌਰ ਆਦਿ ਹਾਜ਼ਰ ਸਨ।