ਮਾਨਸਿਕ ਰੋਗ ਸਮਾਜ ਦੀਆਂ ਕਦਰਾਂ-ਕੀਮਤਾਂ ’ਚੋਂ ਪੈਦਾ ਹੁੰਦਾ : ਜੂਝਾਰ ਲੌਂਗੋਵਾਲ
ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਜੋਨ ਮਾਨਸਾ ਵੱਲੋਂ
Publish Date: Sat, 08 Nov 2025 07:24 PM (IST)
Updated Date: Sat, 08 Nov 2025 07:25 PM (IST)

- ਮਾਨਸਿਕ ਰੋਗਾਂ ’ਤੇ ਸੈਮੀਨਾਰ ਕਰਵਾਇਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਮਾਨਸਾ ਵੱਲੋਂ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਭੀਖੀ ਵਿਖੇ ਮਾਨਸਿਕ ਰੋਗਾਂ ’ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਦੇ ਪ੍ਰਧਾਨਗੀ ਮੰਡਲ ਵਿੱਚ ਸੂਬਾ ਆਗੂ ਰਾਜੇਸ਼ ਅਕਲੀਆ, ਬਲਬੀਰ ਚੰਦ ਲੌਂਗੋਵਾਲ, ਜੁਝਾਰ ਲੌਂਗੋਵਾਲ, ਜ਼ੋਨ ਆਗੂ ਜਸਬੀਰ ਸੋਨੀ ਤੇ ਹਰਮੇਸ਼ ਭੋਲਾ ਮੱਤੀ ਸ਼ਾਮਲ ਹੋਏ। ਸੂਬਾ ਆਗੂ ਜੁਝਾਰ ਲੌਂਗੋਵਾਲ ਨੇ ਕਿਹਾ ਕਿ ਜਦੋਂ ਤੋਂ ਮਨੁੱਖ ਦੇ ਦਿਮਾਗ ਨੇ ਵਿਕਾਸ ਕੀਤਾ ਹੈ। ਆਪਣੀ ਸੋਚਣ ਸ਼ਕਤੀ ਨੂੰ ਪ੍ਰਫੁੱਲਿਤ ਕਰ ਲਿਆ। ਉਸ ਸਮੇਂ ਤੋਂ ਮਨੁੱਖ ਦੇ ਨਾਲ਼ ਬਿਮਾਰੀਆਂ ਨੇ ਵੀ ਜਨਮ ਲਿਆ। ਇਨ੍ਹਾਂ ਵਿੱਚੋਂ ਇੱਕ ਹੈ ਮਾਨਸਿਕ ਰੋਗ। ਇਹ ਸਾਡੇ ਸਾਮਾਜ ਦੇ ਤਾਣੇ ਬਾਣੇ ਦੀਆਂ ਕਦਰਾਂ-ਕੀਮਤਾਂ ’ਚੋਂ ਪੈਦਾ ਹੁੰਦਾ ਹੈ। ਇਸ ਰੋਗ ਨੂੰ ਮਨਫ਼ੀ ਕਰਨ ਲਈ ਇੱਕ ਨਰੋਏ ਸਮਾਜ ਦੀ ਜ਼ਰੂਰਤ ਹੈ, ਜੋ ਸਾਨੂੰ ਸਾਹਿਤ ਦੇ ਸਕਦਾ ਹੈ। ਉਨ੍ਹਾਂ ਕਿਹਾ ਹਕੂਮਤ ਅੱਜ ਪੂਜੀਪਤੀਆਂ ਦੇ ਹੱਥਾਂ ਦੀ ਕੱਠਪੁਤਲੀ ਬਣ ਕੇ ਰਹਿ ਗਈ। ਆਮ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ, ਜਿਸ ਕਰ ਕੇ ਉਹ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਵਾਂਝਾ ਹੋ ਜਾਂਦਾ ਹੈ ਤੇ ਫ਼ਿਰ ਮਾਨਸਿਕ ਪੀੜਾ ਹੰਢਾਉਂਦਾ ਖੁਦਕਸ਼ੀਆਂ ਤਕ ਕਰ ਜਾਂਦਾ ਹੈ। ਬਲਬੀਰ ਚੰਦ ਲੌਂਗੋਵਾਲ ਨੇ ਕਿਹਾ ਕਿ ਸਾਡੇ ਲੋਕਾਂ ਨਾਲ਼ ਧਰਮ ਦੇ ਨਾਂ, ਨਸਲ ਦੇ ਨਾਂ, ਜਾਤੀ ਦੇ ਨਾਂ ’ਤੇ ਵਿਤਕਰਾ ਕਰ ਕੇ ਵੰਡੀਆਂ ਪਾਈਆਂ ਜਾਂਦੀਆਂ ਹਨ। ਸਮਾਜ ਨੂੰ ਇੱਕ ਹੋਣ ਦੀ ਥਾਂ ਵਰਗਾਂ ਵਿੱਚ ਵੰਡਿਆ ਹੋਇਆ ਹੈ, ਜਿਸ ਕਾਰਨ ਨੌਜਵਾਨਾਂ ਕੁਰਾਹੇ ਪਾਇਆ ਜਾਂਦਾ ਹੈ। ਜਸਬੀਰ ਸੋਨੀ ਨੇ ਕਿਹਾ ਕਿ ਅੱਜ ਬੱਚਿਆਂ ਵਿੱਚ ਮੋਬਾਈਲ ਕਲਚਰ ਬਹੁਤ ਵਿਕਸਿਤ ਹੋ ਚੁੱਕਿਆ ਹੈ। ਬੱਚੇ ਮਾਨਸਿਕ ਬਿਮਾਰੀਆਂ ਦੀ ਜਕੜ ਵਿੱਚ ਬੱਝ ਚੁੱਕੇ ਹਨ ਤੇ ਕਿਤਾਬਾਂ ਤੋਂ ਮੁੱਖ ਮੋੜ ਰਹੇ ਹਨ। ਬੱਚਿਆਂ ਦੇ ਦਿਮਾਗ ਦੇ ਵਿਕਾਸ ਲਈ ਉਨ੍ਹਾਂ ਨੂੰ ਕਿਤਾਬਾਂ ਨਾਲ਼ ਜੋੜਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਸੂਬਾ ਆਗੂ ਰਾਜੇਸ਼ ਅਕਲੀਆ, ਜ਼ੋਨ ਮੁਖੀ ਅੰਮ੍ਰਿਤ ਰਿਸ਼ੀ, ਮੋਹਨਜੀਤ ਮੋਹਣੀ, ਭੁਪਿੰਦਰ ਫ਼ੌਜੀ, ਨਰਿੰਦਰ ਕੌਰ ਬੁਰਜ਼ ਹਮੀਰਾ, ਮਾ. ਹਰਬੰਸ ਸਿੰਘ ਨੇ ਵੀ ਸੰਬੋਧਨ ਕੀਤਾ। ਮਾ. ਅਮਰੀਕ ਭੀਖੀ ਨੇ ਆਏ ਹੋਏ ਸਰੋਤਿਆਂ ਧੰਨਵਾਦ ਕੀਤਾ। ਇਸ ਮੌਕੇ ਐੱਸਡੀਓ ਰਾਜਿੰਦਰ ਰੋਹੀ, ਡਾ. ਸੁਖਦਰਸ਼ਨ ਸਿੰਘ ਸੋਨੀ, ਨਵਜੋਤ ਸਿੰਘ ਰੋਹੀ, ਹਰਪਾਲ ਸਿੰਘ ਕੱਤਰੀ, ਜੁਗਰਾਜ ਸਿੰਘ, ਐਡਵੋਕੇਟ ਮਹਿਬੂਬ ਅਲੀ, ਹਰਦੀਪ ਸਿੰਘ, ਮਾ. ਜਗਤਾਰ ਸਿੰਘ, ਦਿਨੇਸ਼ ਸੋਨੀ, ਜਸਪਾਲ ਅਤਲਾ, ਵਰਿੰਦਰ ਖੀਵਾ, ਬੂਟਾ ਸਿੰਘ ਬੀਰ, ਗੁਰਦੀਪ ਸਿੰਘ, ਸੰਦੀਪ ਕੁਮਾਰ ਮਹਿਤਾ, ਦਰਸ਼ਨ ਆਜ਼ਾਦ ਅਦਿ ਹਾਜ਼ਰ ਸਨ। ਮੰਚ ਸੰਚਾਲਣ ਅੰਮ੍ਰਿਤ ਰਿਸ਼ੀ ਨੇ ਬਾਖੂਬੀ ਨਿਭਾਇਆ।