ਝੁੰਬਾ-ਜੰਗੀਰਾਣਾ ਸੜਕ ਬਣੀ ਲੋਕਾਂ ਲਈ ਸਜ਼ਾ, ਇਕ ਸਾਲ ਤੋਂ ਮੋਟਾ ਬੱਜਰ ਪਾ ਕੇ ਗਾਇਬ ਹੋਇਆ ਠੇਕੇਦਾਰ

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ
ਪਿੰਡ ਝੁੰਬਾ ਤੋਂ ਜੰਗੀਰਾਣਾ ਨੂੰ ਜਾਂਦੀ ਸੜਕ ਪਿਛਲੇ ਇੱਕ ਸਾਲ ਤੋਂ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਸੜਕ ਦਾ ਕੰਮ ਕਰ ਰਹੇ ਠੇਕੇਦਾਰ ਵੱਲੋਂ ਝੁੰਬਾ ਵਾਲੇ ਹਿੱਸੇ ਵਿੱਚ ਮੋਟਾ ਬੱਜਰ ਪਾ ਕੇ ਕੰਮ ਅੱਧਵਾਟੇ ਛੱਡ ਦਿੱਤਾ ਗਿਆ, ਜਿਸ ਕਾਰਨ ਰੋਜ਼ਾਨਾ ਲੰਘਣ ਵਾਲੇ ਰਾਹਗੀਰਾਂ, ਕਿਸਾਨਾਂ ਅਤੇ ਸਕੂਲੀ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਕਮੇਟੀ ਮੈਂਬਰ ਜਗਸੀਰ ਸਿੰਘ ਝੁੰਬਾ ਦੀ ਅਗਵਾਈ ਹੇਠ ਪੰਜਾਬ ਸਰਕਾਰ, ਪ੍ਰਸ਼ਾਸਨ ਅਤੇ ਸੜਕ ਬਣਾਉਣ ਵਾਲੇ ਠੇਕੇਦਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਤਿੱਖਾ ਰੋਸ਼ ਪ੍ਰਗਟ ਕੀਤਾ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਸਰਕਾਰ ਦੇ ਦਾਅਵੇ ਸਿਰਫ਼ ਕਾਗਜ਼ਾਂ ਤਕ ਸੀਮਤ ਹਨ, ਜਦਕਿ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੀ ਹੈ। ਲੋਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਸੜਕ ਦਾ ਕੰਮ ਮੁੜ ਸ਼ੁਰੂ ਨਾ ਕੀਤਾ ਗਿਆ ਤਾਂ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ ਅਤੇ ਸੜਕਾਂ ’ਤੇ ਉਤਰ ਕੇ ਸਰਕਾਰ ਨੂੰ ਘੇਰਿਆ ਜਾਵੇਗਾ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਝੁੰਬਾ ਤੋਂ ਜੰਗੀਰਾਣਾ ਤੱਕ ਲਗਭਗ ਚਾਰ ਕਿਲੋਮੀਟਰ ਸੜਕ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਠੇਕੇਦਾਰ ਨੇ ਜੰਗੀਰਾਣਾ ਦੀ ਹੱਦ ਤੱਕ ਤਾਂ ਸੜਕ ਬਣਾ ਦਿੱਤੀ ਪਰ ਝੁੰਬਾ ਵਾਲੇ ਹਿੱਸੇ ਵਿੱਚ ਮੋਟਾ ਬੱਜਰ ਪਾ ਕੇ ਪਿਛਲੇ ਇਕ ਸਾਲ ਤੋਂ ਕੰਮ ਨੂੰ ਅਧੂਰਾ ਛੱਡ ਦਿੱਤਾ। ਹੁਣ ਇਹ ਸੜਕ ਲੋਕਾਂ ਲਈ ਸਹੂਲਤ ਦੀ ਬਜਾਏ ਮੁਸੀਬਤ ਬਣ ਚੁੱਕੀ ਹੈ।
ਪਿੰਡ ਵਾਸੀਆਂ ਨੇ ਕਿਹਾ ਕਿ ਮੋਟੇ ਬੱਜਰ ਕਾਰਨ ਵਾਹਨਾਂ ਦੇ ਰੋਜਾਨਾ ਟਾਇਰ ਫਟ ਰਹੇ ਹਨ ਅਤੇ ਟਾਇਰਾਂ ਨਾਲ ਪੱਥਰ ਚੱਲ ਕੇ ਲੋਕਾਂ ਨੂੰ ਜ਼ਖਮੀ ਕਰ ਰਹੇ ਹਨ। ਇੱਕ ਰਾਹਗੀਰ ਦੀ ਲੱਤ ’ਤੇ ਪੱਥਰ ਲੱਗਣ ਕਾਰਨ ਉਹ ਪਿਛਲੇ ਦੋ ਮਹੀਨਿਆਂ ਤੋਂ ਮੰਜੇ ’ਤੇ ਪਿਆ ਹੋਇਆ ਹੈ। ਲੋਕਾਂ ਨੇ ਦੱਸਿਆ ਕਿ ਸੜਕ ’ਤੇ ਤੁਰਨਾ ਤਾਂ ਦੂਰ, ਦੋਪਹੀਆ ਵਾਹਨ ਚਲਾਉਣਾ ਵੀ ਖ਼ਤਰੇ ਤੋਂ ਖਾਲੀ ਨਹੀਂ ਰਿਹਾ। ਕਿਸਾਨ ਗੁਰਸੇਵਕ ਸਿੰਘ ਨੇ ਦੁੱਖ ਭਰੇ ਲਹਿਜ਼ੇ ’ਚ ਦੱਸਿਆ ਕਿ ਉਹ ਹਰ ਰੋਜ਼ ਆਪਣੇ ਖੇਤਾਂ ਵਿੱਚ ਜਾਣ ਲਈ ਇਸੇ ਸੜਕ ਦੀ ਵਰਤੋਂ ਕਰਦੇ ਹਨ ਪਰ ਮੋਟੇ ਬੱਜਰ ਨੇ ਉਹਨਾਂ ਦਾ ਜੀਣਾ ਦੁੱਭਰ ਕਰ ਦਿੱਤਾ ਹੈ। ਇਸ ਤੋਂ ਤਾਂ ਪਹਿਲਾਂ ਵਾਲੀ ਸੜਕ ਹੀ ਵਧੀਆ ਸੀ, ਘੱਟੋ-ਘੱਟ ਲੋਕ ਸਹੀ ਤਰ੍ਹਾਂ ਲੰਘ ਤਾਂ ਜਾਂਦੇ ਸਨ। ਸਰਕਾਰ ਤੇ ਪ੍ਰਸ਼ਾਸਨ ਲੋਕਾਂ ਦੀਆਂ ਮੁਸ਼ਕਲਾਂ ਵੱਲ ਪੂਰੀ ਤਰ੍ਹਾਂ ਅੱਖਾਂ ਮੀਟ ਕੇ ਬੈਠੇ ਹਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਕਮੇਟੀ ਮੈਂਬਰ ਜਗਸੀਰ ਸਿੰਘ ਝੁੰਬਾ ਨੇ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਠੇਕੇਦਾਰ ਨੇ ਜਾਣ-ਬੁੱਝ ਕੇ ਝੁੰਬਾ ਵਾਲੇ ਹਿੱਸੇ ਨੂੰ ਨਜ਼ਰਅੰਦਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਜੰਗੀਰਾਣਾ ਤੱਕ ਸੜਕ ਬਣਾ ਦਿੱਤੀ ਗਈ ਪਰ ਝੁੰਬਾ ਦੇ ਲੋਕਾਂ ਨੂੰ ਮੋਟੇ ਬੱਜਰ ਦੇ ਹਵਾਲੇ ਕਰ ਦਿੱਤਾ ਗਿਆ। ਉਹਨਾਂ ਦੋਸ਼ ਲਾਇਆ ਕਿ ਸਰਕਾਰ ਨੂੰ ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਰਹਿ ਗਿਆ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ “ਸੱਥਾਂ 'ਚੋਂ ਸਰਕਾਰ” ਚੱਲਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਜਦ ਲੋਕ ਆਪਣਾ ਹੱਕ ਮੰਗਦੇ ਹਨ ਤਾਂ ਉਹਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। “ਗੱਲ ਕਰਨ ਵਾਲਿਆਂ ਨੂੰ ਇੱਕ ਦਿਨ ਪਹਿਲਾਂ ਹੀ ਚੁੱਕ ਲਿਆ ਜਾਂਦਾ ਹੈ, ਪਰ ਲੋਕਾਂ ਦੀ ਅਦਾਲਤ ਸਭ ਤੋਂ ਵੱਡੀ ਹੁੰਦੀ ਹੈ। ਉਨ੍ਹਾਂ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਠੇਕੇਦਾਰ ਅਤੇ ਪ੍ਰਸ਼ਾਸਨ ਨੇ ਜਲਦ ਸੜਕ ਦਾ ਕੰਮ ਸ਼ੁਰੂ ਨਾ ਕੀਤਾ ਤਾਂ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀ ਵੱਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਸਰਕਾਰਾਂ ਬਣਾਉਣ ਵੀ ਜਾਣਦੇ ਹਨ ਅਤੇ ਘਰ ਬਿਠਾਉਣ ਵੀ ਜਾਣਦੇ ਹਨ। ਇਸ ਮੌਕੇ ਵੱਡੀ ਗਿਣਤੀ ’ਚ ਪਿੰਡ ਵਾਸੀ ਮੌਜੂਦ ਸਨ।