ਭਾਰਤੀ ਕਿਸਾਨ ਯੂਨੀਅਨ ਏਕਤਾ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਜ਼ਿਲ੍ਹਾ ਮਾਨਸਾ ਦੇ ਆਗੂ ਜਗਦੇਵ ਸਿੰਘ ਭੈਣੀ ਬਾਘਾ ਨੇ ਪੰਜਾਬ ਸਰਕਾਰ ਦੀ ਨੀਤੀ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੇ ਮਾਮਲਿਆਂ ਵਿੱਚ ਮਾਨਸਾ ਪੁਲਿਸ ਵੱਲੋਂ ਧੜਾਧੜ ਪਰਚੇ ਦਰਜ ਕੀਤੇ ਜਾ ਰਹੇ ਹਨ। ਇਹ ਕਿਸਾਨ ਵਰਗ ਨਾਲ ਵੱਡਾ ਧੱਕਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ ਅਤੇ ਕਰਜ਼ੇ ਦੇ ਭਾਰ ਹੇਠ ਦੱਬੇ ਹੋਏ ਹਨ। ਇਸ ਤਰ੍ਹਾਂ ਦੀ ਕਾਰਵਾਈ ਨਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵੀ ਵੱਧ ਰਹੀਆਂ ਹਨ। ਖੇਤੀਬਾੜੀ ਲਾਗਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਵੇਂਕਿ ਡੀਜ਼ਲ, ਖਾਦ ਅਤੇ ਬੀਜ ਦੀਆਂ ਕੀਮਤਾਂ ਚੜ੍ਹ ਰਹੀਆਂ ਹਨ, ਜਿਸ ਕਾਰਨ ਕਿਸਾਨਾਂ ਦੀ ਆਮਦਨ ਘੱਟ ਰਹੀ ਹੈ। ਇਸ ਹਾਲਤ ਵਿੱਚ ਜੇਕਰ ਸਰਕਾਰ ਕਿਸਾਨਾਂ ਨੂੰ ਸਹਾਇਤਾ ਦੇਣ ਦੀ ਬਜਾਏ ਉਨ੍ਹਾਂ ‘ਤੇ ਮਾਮਲੇ ਦਰਜ ਕਰਦੀ ਹੈ ਤਾਂ ਇਹ ਨੀਤੀ ਬਿਲਕੁਲ ਵੀ ਠੀਕ ਨਹੀਂ ਕਹੀ ਜਾ ਸਕਦੀ। ਨਾੜ ਸਾੜਨ ਦੀ ਸਮੱਸਿਆ ਨੂੰ ਸਿਰਫ਼ ਸਜ਼ਾਵਾਂ ਨਾਲ ਨਹੀਂ, ਸਗੋਂ ਪੱਕੇ ਹੱਲਾਂ ਨਾਲ ਦੂਰ ਕੀਤਾ ਜਾ ਸਕਦਾ ਹੈ। ਜਗਦੇਵ ਸਿੰਘ ਭੈਣੀ ਬਾਘਾ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਨਾੜ ਦੇ ਪ੍ਰਬੰਧ ਲਈ ਆਧੁਨਿਕ ਮਸ਼ੀਨਰੀ, ਜਿਵੇਂ ਹੈਪੀ ਸੀਡਰ ਅਤੇ ਸੁਪਰ ਐਸਐਮਐਸ ਵਰਗੀਆਂ ਤਕਨੀਕਾਂ ਸਬਸਿਡੀ ‘ਤੇ ਮੁਹੱਈਆ ਕਰਵਾਏ ਤਾਂ ਜੋ ਕਿਸਾਨ ਆਸਾਨੀ ਨਾਲ ਨਾੜ ਦਾ ਪ੍ਰਬੰਧ ਕਰ ਸਕਣ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਢੰਗ ਦੇ ਵਿਕਲਪ ਦਿੱਤੇ ਜਾਣ, ਤਾਂ ਉਹ ਖੁਦ ਹੀ ਨਾੜ ਸਾੜਨ ਤੋਂ ਬਚਣਗੇ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਢੰਗ ਦੇ ਵਿਕਲਪ ਦੇ ਕਿਸਾਨਾਂ ਨੂੰ ਸਜ਼ਾ ਦੇਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ ਅਤੇ ਇਹ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਉਨ੍ਹਾਂ ਦੇ ਅਨੁਸਾਰ, ਕਿਸਾਨਾਂ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਬਣਾਈਆਂ ਗਈਆਂ ਨੀਤੀਆਂ ਕਦੇ ਵੀ ਸਫਲ ਨਹੀਂ ਹੋ ਸਕਦੀਆਂ। ਇਸ ਲਈ ਸਰਕਾਰ ਨੂੰ ਕਿਸਾਨ ਸੰਘਰਸ਼ੀ ਜਥੇਬੰਦੀਆਂ ਨਾਲ ਬੈਠਕ ਕਰਕੇ ਇਕ ਸਾਂਝਾ ਹੱਲ ਲੱਭਣਾ ਚਾਹੀਦਾ ਹੈ। ਆਗੂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਇਹ ਰਵੱਈਆ ਜਲਦ ਨਾ ਬਦਲਿਆ, ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਜ਼ਿਲ੍ਹਾ ਪੱਧਰ ‘ਤੇ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਵਿੱਚ ਧਰਨੇ-ਪ੍ਰਦਰਸ਼ਨ, ਰੋਸ ਮਾਰਚ ਅਤੇ ਸਰਕਾਰੀ ਦਫਤਰਾਂ ਦਾ ਘਿਰਾਓ ਵੀ ਸ਼ਾਮਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜੇਕਰ ਕਿਸੇ ਕਿਸਮ ਦੀ ਅਣਚਾਹੀ ਸਥਿਤੀ ਪੈਦਾ ਹੁੰਦੀ ਹੈ, ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਅੰਤ ਵਿੱਚ ਉਨ੍ਹਾਂ ਨੇ ਸਾਰੇ ਕਿਸਾਨਾਂ ਨੂੰ ਇਕੱਠੇ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਆਪਣੇ ਹੱਕਾਂ ਦੀ ਰੱਖਿਆ ਲਈ ਇਕਜੁੱਟਤਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਕਿਸੇ ਵੀ ਤਰ੍ਹਾਂ ਦੀ ਜ਼ਬਰਦਸਤੀ ਨੂੰ ਸਹਿਣ ਨਹੀਂ ਕਰਨਗੇ ਅਤੇ ਆਪਣੀ ਲੜਾਈ ਨੂੰ ਅੰਤ ਤੱਕ ਜਾਰੀ ਰੱਖਣਗੇ।