ਇੰਟਰ ਹਾਊਸ ਐਥਲੈਟਿਕ ਮੀਟ ਦੇ ਜੇਤੂ ਵਿਦਿਆਰਥੀ ਸਨਮਾਨਿਤ
ਡੀਏਵੀ ਪਬਲਿਕ ਸਕੂਲ, ਮਾਨਸਾ ਵਿੱਚ ਇੰਟਰ
Publish Date: Wed, 20 May 2026 06:03 PM (IST)
Updated Date: Thu, 21 May 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਡੀਏਵੀ ਪਬਲਿਕ ਸਕੂਲ ਮਾਨਸਾ ’ਚ ਇੰਟਰ ਹਾਊਸ ਸਮਰ ਐਥਲੈਟਿਕ ਮੀਟ 2026-27 ਦਾ ਆਯੋਜਨ ਜੋਸ਼, ਉਤਸ਼ਾਹ ਅਤੇ ਖੇਡ ਭਾਵਨਾ ਨਾਲ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਵਿਨੋਦ ਰਾਣਾ ਨੇ ਗੁਬਾਰੇ ਅਸਮਾਨ ’ਚ ਛੱਡ ਕੇ ਐਥਲੈਟਿਕ ਮੀਟ ਦੀ ਸ਼ੁਰੂਆਤ ਕੀਤੀ। ਸਕੂਲ ਦੀ ਹੈੱਡ ਗਰਲ ਭਾਵਨਾ ਤੇ ਹੈੱਡ ਬੁਆਏ ਅੰਸ਼ ਬਾਂਸਲ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਖੇਡ ਮੁਕਾਬਲਿਆਂ ਦੀ ਰਸਮੀ ਸ਼ੁਰੂਆਤ ਕੀਤੀ ਗਈ ਅਤੇ ਵਿਦਿਆਰਥੀਆਂ ਦੇ ਉਤਸ਼ਾਹ ਨੇ ਪੂਰੇ ਮਾਹੌਲ ਨੂੰ ਖੇਡ ਰੰਗ ’ਚ ਰੰਗ ਦਿੱਤਾ। ਮੁਕਾਬਲਿਆਂ ’ਚ ਸਕੂਲ ਦੇ ਚਾਰਾਂ ਸਦਨਾਂ ਰਿਗਵੇਦ ਹਾਊਸ, ਸਾਮਵੇਦ ਹਾਊਸ, ਯਜੁਰਵੇਦ ਹਾਊਸ ਤੇ ਅਥਰਵਵੇਦ ਹਾਊਸ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਹਰਡਲ ਰੇਸ, ਆਬਸਟੈਕਲ ਰੇਸ, ਜਿਗਜ਼ੈਗ ਰੇਸ, ਕੋਨ ਰੇਸ, 100 ਮੀਟਰ ਅਤੇ 200 ਮੀਟਰ ਦੌੜ ਵਿੱਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੀ ਹਾਊਸ ਕੋਆਰਡੀਨੇਟਰ ਜੋਤੀ ਬਾਂਸਲ ਅਤੇ ਸਪੋਰਟਸ ਅਧਿਆਪਕ ਜਸਮਨਰੂਪ ਸਿੰਘ, ਹਰਮਨਦੀਪ ਸਿੰਘ ਅਤੇ ਸੁਖਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਇਹ ਪ੍ਰੋਗਰਾਮ ਸਫ਼ਲਤਾ ਪੂਰਵਕ ਮੁਕੰਮਲ ਹੋਇਆ। 11ਵੀਂ ਦੇ ਵਿਦਿਆਰਥੀਆਂ ਨੇ ਵੀ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਅ ਕੇ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਕਰਵਾਉਣ ’ਚ ਯੋਗਦਾਨ ਦਿੱਤਾ। ਇਸ ਮੁਕਾਬਲੇ ’ਚ ਅਥਰਵਵੇਦ ਹਾਊਸ ਨੇ ਜੇਤੂ ਹਾਊਸ ਦਾ ਖ਼ਿਤਾਬ ਹਾਸਲ ਕੀਤਾ। ਹਾਊਸ ਮਾਰਸ਼ਲ ਦਵਿੰਦਰ ਸਿੰਘ ਨੂੰ ਪ੍ਰਿੰਸੀਪਲ ਵਿਨੋਦ ਰਾਣਾ ਜੀ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਛੇਵੀਂ ਦੇ ਵਿਦਿਆਰਥੀ ਅਭਿਜੋਤ ਸਿੰਘ ਨੂੰ ਉਸਦੀ ਉਤਸ਼ਾਹਭਰੀ ਭਾਗੀਦਾਰੀ, ਆਤਮਵਿਸ਼ਵਾਸ ਅਤੇ ਸਰਾਹਣਯੋਗ ਕੋਸ਼ਿਸ਼ਾਂ ਲਈ ਵਿਸ਼ੇਸ਼ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਵਿਨੋਦ ਰਾਣਾ ਜੀ ਨੇ ਕਿਹਾ ਕਿ ਖੇਡ ਮੈਦਾਨ ਵਿਦਿਆਰਥੀਆਂ ਨੂੰ ਸਿਰਫ ਜਿੱਤਣਾ ਹੀ ਨਹੀਂ ਸਿਖਾਉਂਦਾ, ਸਗੋਂ ਅਨੁਸ਼ਾਸਨ, ਆਤਮਵਿਸ਼ਵਾਸ, ਅਗਵਾਈ, ਸਹਿਯੋਗ ਤੇ ਮਿਹਨਤ ਵਰਗੀਆਂ ਜੀਵਨ ਮੁੱਲਾਂ ਨੂੰ ਵੀ ਵਿਕਸਿਤ ਕਰਦਾ ਹੈ।