ਭਾਕਿਯੂ ਕਾਦੀਆਂ ਜ਼ਿਲ੍ਹਾ ਮਾਨਸਾ ਵੱਲੋਂ ਬੈਂਕ ਮੈਨੇਜਰ ਨੂੰ ਮੰਗ-ਪੱਤਰ
ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਜੀ ਦੇ ਦਿਸ਼ਾ
Publish Date: Tue, 12 May 2026 06:44 PM (IST)
Updated Date: Wed, 13 May 2026 04:09 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਮਾਨਸਾ ਵੱਲੋਂ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਗਾਗੋਵਾਲ ਦੀ ਪ੍ਰਧਾਨਗੀ ਅਤੇ ਅਨੁਸਾਸ਼ਨੀ ਕਮੇਟੀ ਪੰਜਾਬ ਦੇ ਚੇਅਰਮੈਨ ਕੁਲਦੀਪ ਸਿੰਘ ਚੱਕ ਭਾਈਕੇ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਮੈਨੇਜਰ ਦੀ ਮਾਨਸਾ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮਟਿਡ ਮਾਨਸਾ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਅਨੁਸਾਰ ਮੁੱਖ ਮੰਤਰੀ ਪੰਜਾਬ ਕੋਲੋਂ ਮੰਗ ਕੀਤੀ ਗਈ ਕਿ ਕੋਆਪ੍ਰੇਟਿਵ ਸੁਸਾਇਟੀਆਂ ਨਾਲ ਜੁੜੇ ਮੈਂਬਰ ਕਿਸਾਨਾਂ ਲਈ ਮੌਜੂਦਾ ਹਾਲਾਤ ਅਨੁਸਾਰ ਮਹਿੰਗਾਈ ਨੂੰ ਮਹਿਸੂਸ ਕਰਦਿਆਂ ਅਪ੍ਰੈਲ ਮਹੀਨੇ 2026 ਨੂੰ ਪ੍ਰਤੀ ਏਕੜ ਰਾਸ਼ੀ ਦਾ ਜੋ ਵਾਧਾ 25 ਹਜ਼ਾਰ ਰੁਪਏ ਤੋਂ ਵਧਾ ਕੇ 39 ਹਜ਼ਾਰ ਰੁਪਏ ਕੀਤਾ ਗਿਆ ਸੀ। ਇਹ ਸ਼ਲਾਘਾਯੋਗ ਕਦਮ ਸੀ, ਪ੍ਰੰਤੂ ਪੰਜਾਬ ਸਰਕਾਰ ਵੱਲੋਂ ਅਚਨਚੇਤ ਇਸ ਵਾਧੇ ਨੂੰ ਵਾਪਸ ਲੈਣਾ ਕਿਸਾਨਾਂ ਲਈ ਮੰਦਭਾਗਾ ਹੋ ਨਿਬੜਿਆ। ਇਸ ਲਈ ਜਥੇਬੰਦੀ ਪੁਰਜ਼ੋਰ ਮੰਗ ਕਰਦੀ ਹੈ ਕਿ ਉਸ ਵਾਧੇ ਨੂੰ ਦੁਆਰਾ ਲਾਗੂ ਕਰਕੇ ਕਿਸਾਨਾਂ ਦਾ ਸੁਸਾਇਟੀਆਂ ਅਤੇ ਬੈਂਕਾਂ ਨਾਲ ਲੈਣ ਦੇਣ ਤੁਰੰਤ ਚਾਲੂ ਕੀਤਾ ਜਾਵੇ। ਇਸ ਦੇ ਨਾਲ ਹੀ ਇਹ ਮੰਗ ਵੀ ਕੀਤੀ ਕਿ ਖਾਦਾਂ ਲੈਣ ਸਮੇਂ ਕੋਆਪਰੇਟਿਵ ਸੁਸਾਇਟੀਆਂ ਵੱਲੋਂ ਕਿਸਾਨਾਂ ਨੂੰ ਜੋ ਬੇਲੋੜੀਆਂ ਚੀਜ਼ਾਂ ਜਿਵੇਂ ਨੈਨੋ ਯੁਰੀਆ ਆਦਿ ਥੋਪੀਆਂ ਜਾਂਦੀਆਂ ਹਨ। ਇਸ ਨੂੰ ਸਖ਼ਤੀ ਨਾਲ ਰੋਕਿਆ ਜਾਵੇ। ਪ੍ਰਾਇਮਰੀ ਖੇਤੀਬਾੜੀ ਵਿਕਾਸ ਬੈਂਕਾਂ ਨਾਲ ਜੁੜੇ ਕਿਸਾਨ ਜੋ ਪਿਛਲੇ ਲੰਮੇ ਸਮੇਂ ਤੋਂ ਡਿਫਾਲਟਰ ਚਲੇ ਆ ਰਹੇ ਹਨ। ਇਨ੍ਹਾਂ ਨੂੰ ਕਮਰਸ਼ੀਅਲ ਬੈਂਕਾਂ ਦੀ ਤਰ੍ਹਾਂ ਵਨ ਟਾਈਮ ਸੈਟਲਮੈਂਟ ਸਕੀਮ ਦੀ ਸੁਵਿਧਾ ਦੇ ਕੇ ਕਿਸਾਨਾਂ ਨੂੰ ਫੌਰੀ ਰਾਹਤ ਦਿੱਤੀ ਜਾਵੇ। ਕਿਸਾਨ ਆਗੂਆਂ ਨੇ ਇਹ ਮੰਗ ਵੀ ਕੀਤੀ ਕਿ ਪਿੰਡ ਬਾਜੇਵਾਲਾ ਅਤੇ ਪਿੰਡ ਰਾਏਪੁਰ ਦੇ ਮੈਂਬਰ ਕਿਸਾਨਾਂ ਨਾਲ ਉਸ ਸਮੇਂ ਦੇ ਸਕੱਤਰ ਬਲਜਿੰਦਰ ਸਿੰਘ ਵੱਲੋਂ ਸਾਲ 2024 ‘ਚ ਕੀਤੇ ਲੱਖਾਂ ਰੁਪਏ ਦੇ ਘਪਲੇ ਦੀ ਉੱਚ ਪੱਧਰੀ ਵਿਸ਼ੇਸ਼ ਪੜਤਾਲ ਕਰਵਾਕੇ ਪੀੜ੍ਹਤ ਕਿਸਾਨਾਂ ਨੂੰ ਤੇ ਸੁਸਾਇਟੀਆਂ ਨਾਲ ਸਬੰਧਤ ਕਮੇਟੀਆਂ ਨੂੰ ਇਨਸਾਫ਼ ਦਿਵਾਇਆ ਜਾਵੇ। ਧਰਨੇ ਦੌਰਾਨ ਹਰਦੇਵ ਸਿੰਘ ਕੋਟਧਰਮੂੰ, ਸ਼ਿੰਗਾਰਾ ਸਿੰਘ ਸੰਤ ਰਾਮ ਸਿੰਘ ਦੋਦੜਾ, ਨਾਜ਼ਰ ਸਿੰਘ, ਜਗਜੀਤ ਸਿੰਘ ਤੇ ਸਰਦੂਲ ਸਿੰਘ ਖਿਆਲਾ, ਅਵਤਾਰ ਸਿੰਘ ਤੇ ਅਜੈਬ ਸਿੰਘ ਰੱਲਾ,ਗੁਰਨਾਮ ਸਿੰਘ ਭੀਖੀ, ਮਲਕੀਤ ਸਿੰਘ ਗਾਗੋਵਾਲ ਆਦਿ ਨੇ ਵੀ ਸੰਬੋਧਨ ਕੀਤਾ।