ਬੁਢਲਾਡਾ ’ਚ 8.35 ਕਰੋੜ ਨਾਲ ਤਿਆਰ ਸੜਕਾਂ ਦਾ ਕੀਤਾ ਉਦਘਾਟਨ
ਹਲਕਾ ਬੁਢਲਾਡਾ ਵਿੱਚ ਵਿਕਾਸ ਕਾਰਜਾਂ
Publish Date: Sun, 26 Apr 2026 06:24 PM (IST)
Updated Date: Mon, 27 Apr 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ : ਹਲਕਾ ਬੁਢਲਾਡਾ ਵਿੱਚ ਵਿਕਾਸ ਕਾਰਜਾਂ ਨੂੰ ਵੱਡੀ ਤਾਕਤ ਮਿਲੀ ਹੈ। ਤਕਰੀਬਨ 8 ਕਰੋੜ 35 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀਆਂ ਗਈਆਂ ਸੜਕਾਂ ਦਾ ਪ੍ਰਿੰਸੀਪਲ ਬੁੱਧਰਾਮ ਵਿਧਾਇਕ ਹਲਕਾ ਬੁਢਲਾਡਾ ਵੱਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ਇਲਾਕੇ ਵਿੱਚ ਮੇਲੇ ਵਰਗਾ ਮਾਹੌਲ ਬਣ ਗਿਆ ਅਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ।
ਉਦਘਾਟਨ ਸਮੇਂ ਵਿਧਾਇਕ ਪ੍ਰਿੰਸੀਪਲ ਬੁਧਰਾਮ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬਰੇਟਾ ਤੋਂ ਧਰਮਪੁਰਾ, ਬਰੇਟਾ ਤੋਂ ਕੂਲਰੀਆਂ, ਕੂਲਰੀਆਂ ਤੋਂ ਭਖੜਿਆਲ ਵਾਇਆ ਭਾਵਾ, ਧਰਮਪੁਰਾ ਫ਼ਿਰਨੀ, ਧਰਮਪੁਰਾ ਤੋਂ ਸੈਦੇਵਾਲ ਵਾਲਾ, ਸਸਪਾਲੀ ਤੋਂ ਅਚਾਨਕ ਸੜਕਾਂ ਬਣਾਈਆਂ ਗਈਆਂ ਹਨ। ਇਹ ਸੜਕਾਂ ਬਣਨ ਤੇ ਸਮੂਹ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਤਸੱਲੀ ਪ੍ਰਗਟ ਕੀਤੀ ਗਈ। ਸੜਕਾਂ ਦੇ ਬਣਨ ਨਾਲ ਪਿੰਡਾਂ ਅਤੇ ਸ਼ਹਿਰਾਂ ਵਿਚਕਾਰ ਆਵਾਜਾਈ ਸੁਵਿਧਾਜਨਕ ਹੋਵੇਗੀ ਅਤੇ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਲਕੇ ਦੇ ਚਹੁੰਪੱਖੀ ਵਿਕਾਸ ਲਈ ਲਗਾਤਾਰ ਯਤਨ ਜਾਰੀ ਹਨ ਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਜੈਕਟ ਜਾਰੀ ਰਹਿਣਗੇ। 25 ਕਰੋੜ ਨਾਲ ਬਣਨ ਵਾਲੀਆਂ ਸੜਕਾਂ ਦਾ ਅਗਲੇ ਹਫ਼ਤੇ ਉਦਘਾਟਨ ਕੀਤਾ ਜਾਵੇਗਾ।
ਇਸ ਮੌਕੇ ਹਾਜ਼ਰ ਲੋਕਾਂ ਨੇ ਉਤਸ਼ਾਹ ਨਾਲ ਹਲਕਾ ਵਿਧਾਇਕ ਦਾ ਸਵਾਗਤ ਕੀਤਾ। ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੜਕਾਂ ਇਲਾਕੇ ਦੀ ਤਰੱਕੀ ਲਈ ਮੀਲ ਪੱਥਰ ਸਾਬਤ ਹੋਣਗੀਆਂ। ਸਥਾਨਕ ਪੰਚਾਇਤ ਮੈਂਬਰਾਂ ਅਤੇ ਸਮਾਜ ਸੇਵਕਾਂ ਨੇ ਵੀ ਇਸ ਵਿਕਾਸ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਐਕਸੀਅਨ ਜਸਦੀਪ ਸਿੰਘ ਅਤੇ ਐਸਡੀਓ ਅਮਨਵੀਰ ਸਿੰਘ ਵੀ ਹਾਜ਼ਰ ਰਹੇ। ਸਮਾਗਮ ਦੇ ਅੰਤ ਵਿੱਚ ਵਿਧਾਇਕ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਹਲਕਾ ਬੁਢਲਾਡਾ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਵਿਕਾਸ ਦੀ ਲਹਿਰ ਜਾਰੀ ਰਹੇਗੀ। ਬੁਢਲਾਡਾ ਤੋਂ ਧਰਮਗੜ੍ਹ ਵਾਇਆ ਬੱਛੂਆਣਾ ਸੜਕ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ। ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦਿੱਤੀ ਜਾਵੇਗੀ।