ਨੰਬਰਦਾਰਾਂ ਦੀਆਂ ਦਿੱਕਤਾਂ ਹੱਲ ਨਾ ਹੋਣ ’ਤੇ ਵਿੱਢਾਂਗੇ ਸੰਘਰਸ਼ : ਸੂਬਾ ਪ੍ਰਧਾਨ ਸਮਰਾ
ਪੰਜਾਬ ਨੰਬਰਦਾਰ ਯੂਨੀਅਨ ਵੱਲੋਂ ਆਪਣੀਆਂ
Publish Date: Wed, 20 May 2026 06:35 PM (IST)
Updated Date: Thu, 21 May 2026 04:05 AM (IST)

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਪੰਜਾਬ ਨੰਬਰਦਾਰ ਯੂਨੀਅਨ ਵੱਲੋਂ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਗੁਰਨੇ ਕਲਾਂ ਵਿਖੇ ਜ਼ਿਲ੍ਹਾ ਪ੍ਰਧਾਨ ਅਮ੍ਰਿਤਪਾਲ ਸਿੰਘ ਗੁਰਨੇ ਦੀ ਅਗਵਾਈ ਹੇਠ ਮੀਟਿੰਗ ਕਰਵਾਈ। ਇਸ ਮੌਕੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ 2022 ਦੀਆਂ ਚੋਣਾਂ ਤੋਂ ਪਹਿਲਾਂ ਨੰਬਰਦਾਰ ਯੂਨੀਅਨ ਨਾਲ ਕੀਤੇ ਵਾਅਦਿਆਂ ਨੂੰ 4.5 ਸਾਲ ਸਮਾਂ ਬੀਤ ਜਾਣ ਦੇ ਬਾਵਜੂਦ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ। ਨੰਬਰਦਾਰ ਵਰਗ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਰਕਾਰ ਦੇ ਨੁਮਾਇੰਦੇ ਨੰਬਰਦਾਰਾਂ ਨੂੰ ਵਾਰ ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਡੰਗ ਟਪਾ ਰਹੇ ਹਨ। ਸਮਾਂ ਰਹਿੰਦਿਆਂ ਸਰਕਾਰ ਨੇ ਆਪਣਾ ਰਵੱਈਆ ਨਾ ਬਦਲਿਆਂ ਤਾਂ ਸਮੁੱਚਾ ਨੰਬਰਦਾਰ ਭਾਈਚਾਰਾਂ 2027 ਦੀਆਂ ਚੋਣਾਂ ਤੋਂ ਪਹਿਲਾਂ ਸਖ਼ਤ ਫ਼ੈਸਲਾ ਲੈਣ ਤੋਂ ਗੁਰੇਜ਼ ਨਹੀਂ ਕਰੇਗਾ। ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਜੱਦੀ-ਪੁਸ਼ਤੀ ਨੰਬਰਦਾਰੀ, ਮਾਨ ਭੱਤਾ ਵਧਾ ਕੇ 5 ਹਜਾਰ ਕਰਨਾ, ਨੰਬਰਦਾਰ ਅਤੇ ਪਰਿਵਾਰ ਦਾ ਮੁਫ਼ਤ ਇਲਾਜ, ਟੋਲ ਟੈਕਸ ਖ਼ਤਮ ਕਰਨਾ, ਕਿਸੇ ਵੀ ਇਕ ਮੰਗ ਨੂੰ ਪੂਰਾ ਨਹੀਂ ਕੀਤਾ। ਨੰਬਰਦਾਰ ਨੂੰ ਹਰਿਆਣਾ ਦੀ ਤਰਜ਼ ’ਤੇ ਮਾਣ-ਭੱਤੇ ਵਿੱਚ 3-5 ਹਜ਼ਾਰ ਰੁਪਏ ਦੇ ਵਾਧੇ ਕੀਤਾ ਜਾਵੇ ਅਤੇ ਹਰਿਆਣਾ ਸਰਕਾਰ ਦੀ ਤਰਜ ਤੇ ਸਿਹਤ ਬੀਮਾ, ਨੰਬਰਦਾਰਾਂ ਨੂੰ ਬੱਸ ਪਾਸ ਦੀ ਸਹੂਲਤ ਵੀ ਦਿੱਤੀ ਜਾਵੇ। ਇਸ ਮੌਕੇ ਰਸ਼ਪਾਲ ਸਿੰਘ ਕੁਲਾਰ, ਹਰਕਮਲ ਸਿੰਘ ਸੰਧੂ, ਚਰਨਜੀਤ ਸਿੰਘ, ਸੁਰਜੀਤ ਸਿੰਘ ਨਕੋਦਰ, ਗੁਰਬਰਨ ਸਿੰਘ ਕੁਲਾਣਾ, ਮਲਕੀਤ ਸਿੰਘ ਫਫੜੇ, ਬਲਦੇਵ ਸਿੰਘ ਭੋਪਾਲ, ਬਲਵਿੰਦਰ ਸਿੰਘ ਮਲਕੋ, ਸੁਖਦੇਵ ਸਿੰਘ ਦਰੀਆਪੁਰ, ਰਮੇਸ਼ ਕੁਮਾਰ ਬੁਢਲਾਡਾ, ਹਰਪਾਲ ਸਿੰਘ ਕਲੀਪੁਰ ਤੋਂ ਇਲਾਵਾ ਵੱਡੀ ਗਿਣਤੀ ਨੰਬਰਦਾਰ ਮੌਜੂਦ ਸਨ।