ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਐੱਚਪੀਵੀ ਵੈਕਸੀਨ ਸ਼ੁਰੂ
ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ
Publish Date: Fri, 06 Mar 2026 07:35 PM (IST)
Updated Date: Sat, 07 Mar 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਹਸਪਤਾਲ ਮਾਨਸਾ ਵਿਖ਼ੇ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਵਿੱਚ ਘਾਤਕ ਬਿਮਾਰੀ ਸਰਵਾਈਕਲ ਕੈਂਸਰ (ਬੱਚੇਦਾਨੀ ਦੇ ਮੂੰਹ ਦਾ ਕੈਂਸਰ) ਤੋਂ ਬਚਾਅ ਲਈ 'ਹਿਊਮਨ ਪੈਪੀਲੋਮਾ ਵਾਇਰਸ' (ਐੱਚ.ਪੀ.ਵੀ.) ਵੈਕਸੀਨ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਕਿ ਵਿਸ਼ਵ ਭਰ ਵਿੱਚ ਔਰਤਾਂ ਵਿੱਚ ਸਰਵਾਈਕਲ ਕੈਂਸਰ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਿਹਤ ਵਿਭਾਗ ਵੱਲੋਂ ਇਹ ਅਹਿਮ ਕਦਮ ਚੁੱਕਿਆ ਗਿਆ ਹੈ ਤਾਂ ਜੋ ਭਵਿੱਖ ਵਿੱਚ ਇਸ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ ਮੁੱਖ ਕਾਰਨ ਹਿਊਮਨ ਪੈਪੀਲੋਮਾ ਵਾਇਰਸ ਹੈ, ਜਿਸ ਦੀ ਲਾਗ ਤੋਂ ਬਚਾਅ ਲਈ ਵੈਕਸੀਨੇਸ਼ਨ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਵਿੱਚ 14 ਸਾਲ ਦੀਆਂ ਕੁੜੀਆਂ ਨੂੰ ਐਚਪੀਵੀ ਵੈਕਸੀਨ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਟੀਕਾਕਰਨ ਅਤਿ ਜ਼ਰੂਰੀ ਹੈ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਬਲਜੀਤ ਕੌਰ ਨੇ ਦੱਸਿਆ ਕਿ ਜੇਕਰ ਸਹੀ ਉਮਰ ਵਿੱਚ ਐਚਪੀਵੀ ਦਾ ਟੀਕਾਕਰਨ ਕਰਵਾ ਲਿਆ ਜਾਵੇ ਤਾਂ ਇਸ ਕੈਂਸਰ ਦੇ ਖ਼ਤਰੇ ਨੂੰ ਲਗਭਗ 90 ਫ਼ੀਸਦੀ ਤੱਕ ਘਟਾਇਆ ਜਾ ਸਕਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਮਾਪੇ ਬਿਨਾਂ ਕਿਸੇ ਡਰ ਜਾਂ ਅਫ਼ਵਾਹ ਦੇ ਆਪਣੀਆਂ ਧੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ। ਇਹ ਵੈਕਸੀਨ ਜ਼ਿਲ੍ਹਾ ਹਸਪਤਾਲ ਮਾਨਸਾ, ਐਸਡੀਐਚ ਬੁਢਲਾਡਾ, ਸੀਐਚਸੀ ਖਿਆਲਾ ਕਲਾਂ, ਸੀਐਚਸੀ ਭੀਖੀ, ਸੀਐਚਸੀ ਬਰੇਟਾ, ਪੀਐਚਸੀ ਨੰਗਲ ਕਲਾਂ, ਪੀਐਚਸੀ ਬੋਹਾ, ਪੀਐਚਸੀ ਢੈਪਈ, ਐੱਸਡੀਐੱਚ ਸਰਦੂਲਗੜ੍ਹ, ਪੀ.ਐਚ.ਸੀ. ਕਰੰਡੀ,ਪੀ.ਐਚ.ਸੀ. ਬਹਿਣੀਵਾਲ, ਸੀ.ਐਚ.ਸੀ.ਝੁਨੀਰ ਅਤੇ ਪੀ.ਐਚ.ਸੀ. ਕਰੰਡੀ ਵਿਖੇ ਮੁਫ਼ਤ ਉਪਲੱਬਧ ਕਰਵਾਈ ਜਾ ਰਹੀ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ.ਗੁਰਮੇਲ ਸਿੰਘ, ਬੱਚਿਆਂ ਦੇ ਮਾਹਿਰ ਡਾ. ਪਰਵਿਸ਼, ਔਰਤ ਰੋਗਾਂ ਦੇ ਮਾਹਿਰ ਡਾ. ਜੋਤੀ ਸ਼ਾਰਦਾ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਤਿਰਲੋਕ ਸਿੰਘ, ਐਲ.ਐਚ.ਵੀ. ਸੁਸ਼ਮਾ ਰਾਣੀ, ਏਐੱਨਐੱਮ ਮਲਕੀਤ ਕੌਰ, ਸੁਖਪਾਲ ਕੌਰ, ਕੰਵਲਜੀਤ ਕੌਰ, ਆਸ਼ਾ ਬਲਜੀਤ ਕੌਰ ਸੁਖਜਿੰਦਰ ਕੌਰ ਅਤੇ ਮਲਕੀਤ ਕੌਰ ਆਦਿ ਹਾਜ਼ਰ ਸਨ।