ਗ਼ਰੀਬਾਂ ’ਤੇ ਹੋ ਰਹੀ ਗੁੰਡਾਗਰਦੀ ਨੂੰ ਨਹੀਂ ਕਰਾਂਗੇ ਬਰਦਾਸ਼ਤ : ਸਮਾਓ
ਪਿੰਡ ਫੱਫੜੇ ਭਾਈਕੇ ਵਿਚ ਸ਼ਰਾਬ ਦੇ ਠੇਕੇਦਾਰ ਵੱਲੋਂ
Publish Date: Sun, 10 May 2026 06:31 PM (IST)
Updated Date: Mon, 11 May 2026 04:06 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ
ਪਿੰਡ ਫੱਫੜੇ ਭਾਈਕੇ ਵਿਚ ਸ਼ਰਾਬ ਦੇ ਠੇਕੇਦਾਰ ਵੱਲੋਂ ਦਲਿਤ ਪਰਿਵਾਰਾਂ ਦੇ ਘਰਾਂ ਅੰਦਰ ਨਜਾਇਜ਼ ਤਲਾਸ਼ੀ ,ਔਰਤਾਂ ਨੂੰ ਮੰਦਾ ਬੋਲਣ ਖਿਲਾਫ਼ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੀ ਅਗਵਾਈ ਹੇਠ ਦਲਿਤ ਭਾਈਚਾਰੇ ਵੱਲੋਂ ਰੋਸ ਰੈਲੀ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੁੜ ਬਿਨਾ ਵਜ੍ਹਾ ਦਲਿਤ ਘਰਾਂ ਅੰਦਰ ਵੜ ਕੇ ਤਲਾਸ਼ੀ ਕੀਤੀ। ਸ਼ਰਾਬ ਠੇਕੇਦਾਰ ਤੇ ਐਕਸਾਇਜ਼ ਵਿਭਾਗ ਖ਼ਿਲਾਫ਼ ਤਿਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਨਸ਼ਿਆਂ ਵਿਰੁੱਧ ਹਰ ਮੁਹਿੰਮ ਦੇ ਹੱਕ ਵਿੱਚ ਹੈ। ਨਸ਼ਿਆਂ ਦੇ ਨਾਂ ਤੇ ਗਰੀਬਾਂ ਉੱਪਰ ਹੋ ਰਹੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਿੰਡ ਦੀ ਪੰਚਾਇਤ ਨੂੰ ਬਿਨਾਂ ਸੂਚਨਾ ਦਿੱਤੇ ਸ਼ਰਾਬ ਦੇ ਠੇਕੇਦਾਰ ਵੱਲੋਂ 8/10 ਸਿਵਲ ਕੱਪੜਿਆਂ ਵਿੱਚ ਅਤੇ ਇੱਕ ਪੁਲਿਸ ਕਰਮਚਾਰੀ ਨੂੰ ਨਾਲ ਲੈਕੇ ਕੇ ਦੇਸ਼ੀ ਸ਼ਰਾਬ ਦੇ ਨਾਂ ਤੇ ਦਲਿਤ ਭਾਈਚਾਰੇ ਦੇ ਘਰਾਂ ਅੰਦਰ ਵੜ ਕੇ ਤਲਾਸ਼ੀ ਕਰਨ ਦੇ ਨਾਲ ਘਰਾਂ ਅੰਦਰ ਦਲਿਤ ਔਰਤਾਂ ਨੂੰ ਗਲਤ ਸ਼ਬਦਾਵਲੀ ਨਾਲ ਧਮਕੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸ਼ਰਾਬ ਠੇਕੇਦਾਰਾਂ ਲੋਕਾਂ ਵੱਲੋਂ ਚੁਣੀ ਹੋਈ ਪੰਚਾਇਤ ਤੇ ਪਿੰਡ ਦੇ ਸਰਪੰਚ ਨੂੰ ਸੂਚਨਾ ਦੇਣ ਤੋਂ ਬਿਨ੍ਹਾਂ ਹੀ ਦੇਸੀ ਸ਼ਰਾਬ ਫੜਨ ਦੇ ਨਾਂ ਤੇ ਗਰੀਬਾਂ ਦੇ ਘਰਾਂ ’ਚ ਸ਼ਰੇਆਮ ਗੁੰਡਾਗਰਦੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਠੇਕਿਆਂ ਉਪਰ ਸਰਕਾਰੀ ਰੇਟਾਂ ਤੋਂ ਵਾਧੂ ਰੇਟਾਂ ਤੇ ਸ਼ਰਾਬ ਵੇਚ ਕੇ ਜਿਥੇ ਲੋਕਾਂ ਦੀ ਅੱਨੀ ਲੁੱਟ ਕੀਤੀ ਜਾ ਰਹੀ ਹੈ, ਉਥੇ ਗੁੰਡੇ ਠੇਕੇਦਾਰ ਦਲਿਤਾਂ ਦੇ ਘਰਾਂ ਅੰਦਰ ਵੜ ਕੇ ਤਲਾਸ਼ੀ ਤੇ ਨਾ ਗੁੰਡਾਗਰਦੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਪ੍ਰਸਤੀ ਹੇਠ ਸ਼ਰਾਬ ਕੰਪਨੀਆਂ ਵੱਧ ਰੇਟਾਂ ’ਤੇ ਸ਼ਰਾਬ ਵੇਚ ਕੇ ਲੋਕਾਂ ਦੀ ਅੰਨ੍ਹੀ ਲੁੱਟ ਕਰ ਰਹੀਆਂ ਹਨ। ਬਿਨਾਂ ਅਦਾਲਤੀ ਹੁਕਮਾਂ ਦੇ ਦਲਿਤ ਘਰਾਂ ਅੰਦਰ ਵੜਨ ਵਾਲੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਨੂੰ ਪਿੰਡਾਂ ਵਿਚ ਹੀ ਘੇਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੱਥੇਬੰਦੀ ਨਸ਼ਿਆਂ ਵਿਰੋਧੀ ਕਾਰਵਾਈਆਂ ਦੇ ਹੱਕ ਵਿੱਚ ਹੈ। ਪਰ ਨਸ਼ਿਆਂ ਦੇ ਨਾਂ ਤੇ ਗਰੀਬਾਂ ਉੱਪਰ ਹੋ ਰਹੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਜ਼ਿਲ੍ਹਾ ਆਗੂ ਜਰਨੈਲ ਸਿੰਘ ਮਾਨਸਾ, ਗੁਰਜੰਟ ਸਿੰਘ ਫੱਫੜੇ, ਹਾਕਮ ਸਿੰਘ, ਰਾਜਾ ਸਿੰਘ, ਹਰਦੀਪ ਸਿੰਘ, ਭੋਲ਼ਾ ਸਿੰਘ ਵੀ ਮੌਜੂਦ ਸਨ।