ਅੱਤ ਦੀ ਗਰਮੀ ਤੋਂ ਲੋਕ ਪਰੇਸ਼ਾਨ, ਸਿਹਤ ਵਿਭਾਗ ਵੱਲੋਂ ਐਡਵਾਈਜਰੀ ਜਾਰੀ
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ
Publish Date: Tue, 19 May 2026 05:25 PM (IST)
Updated Date: Wed, 20 May 2026 04:04 AM (IST)

ਫ਼ੋਟੋ : 10, 01 ਐਮਏਐਨ ਕੈਪਸ਼ਨ : ਗਰਮੀ ’ਚ ਆਪਣਾ ਸਿਰ ਕੱਪੜੇ ਨਾਲ ਢੱਕ ਬਚਾਅ ਕਰਕੇ ਜਾਂਦਾ ਹੋਇਆ ਨੌਜਵਾਨ। ਕੈਪਸ਼ਨ : ਸਿਵਲ ਸਰਜਨ ਮਾਨਸਾ ਡਾ.ਰਣਜੀਤ ਸਿੰਘ ਰਾਏ। ਹਰਕ੍ਰਿਸ਼ਨ ਸ਼ਰ਼ਮਾ, ਪੰਜਾਬੀ ਜਾਗਰਣ, ਮਾਨਸਾ : ਅੱਤ ਦੀ ਗਰਮੀ ਨੇ ਆਮ ਲੋਕਾਂ ਦੇ ਪਸੀਨੇ ਛੁਡਵਾ ਦਿੱਤੇ ਹਨ। ਵੱਧਦੇ ਤਾਪਮਾਨ ਅਤੇ ਵਗਦੀ ਲੂ ਦੇ ਕਾਰਨ ਹਰ ਵਿਅਕਤੀ ਪਰੇਸ਼ਾਨ ਹੋਣ ਲੱਗਿਆ ਹੈ ਅਤੇ ਦੁਪਹਿਰ ਵੇਲੇ ਤੰਦੂਰ ਵਾਂਗ ਤਪਦੀਆਂ ਸੜਕਾਂ ‘ਤੇ ਲੰਘਣਾ ਮੁਸ਼ਕਲ ਹੋ ਗਿਆ ਹੈ। ਜ਼ਿਆਦਾਤਰ ਲੋਕ ਦੁਪਹਿਰ ਵੇਲੇ ਆਪਣੇ ਘਰਾਂ ’ਚ ਰਹਿਣ ਲਈ ਮਜਬੂਰ ਹੋ ਗਏ ਹਨ। ਪਰ ਜਿਹੜੇ ਨਿਕਲਦੇ ਵੀ ਹਨ ਉਹ ਆਪਣੀਆਂ ਬਾਹਾਂ ਚਿਹਰਿਆਂ ਨੂੰ ਢੱਕ ਕੇ ਬਜ਼ਾਰਾਂ ’ਚ ਆਉਂਦੇ ਹਨ ਤਾਂ ਜੋ ਇਸ ਗਰਮੀ ਤੋਂ ਬਚਾਅ ਹੋ ਸਕੇ। ਰਿਕਸ਼ਾ ਚਲਾਉਣ, ਰੇਹੜੀਆਂ ਤੇ ਆਪਣਾ ਸਮਾਨ ਵੇਚਣ ਵਾਲੇ ਜਾਂ ਮਜ਼ਦੂਰ ਦੁਪਹਿਰੇ ਆਰਾਮ ਲਈ ਛਾਂ ਲੱਭਦੇ ਨਜ਼ਰ ਆ ਰਹੇ ਹਨ। ਏਸੀ, ਕੂਲਰ ਅਤੇ ਪੱਖੇ ਘਰਾਂ ’ਚ ਦਿਨ, ਰਾਤ ਚੱਲ ਰਹੇ ਹਨ। ਸਿਖ਼ਰਾਂ ’ਤੇ ਪਹੁੰਚੀ ਗਰਮੀ ਨੇ ਦੁਪਹਿਰ ਵੇਲੇ ਘਰਾਂ ’ਚੋਂ ਆਪਣੇ ਕੰਮਾਂ ਕਾਰਾਂ ਲਈ ਨਿਕਲਦੇ ਲੋਕਾਂ ਨੂੰ ਬੌਂਦਲਾ ਕੇ ਰੱਖ ਦਿੱਤਾ ਹੈ। ਗੰਨੇ ਦੀ ਜੂਸ ਦੀ ਰੇਹੜੀ ਲਗਾਉਣ ਵਾਲੇ ਰਾਮ ਕੁਮਾਰ ਨੇ ਦੱਸਿਆ ਕਿ ਗਰਮੀ ਵੱਧ ਰਹੀ ਹੈ ਅਤੇ ਉਨ੍ਹਾਂ ਦੇ ਗੰਨੇ ਦੇ ਜੂਸ ਦੀ ਮੰਗ ਵੀ ਵਧੀ ਹੈ। ਪਰ ਦੁਪਹਿਰ ਵੇਲੇ ਲੋਕਾਂ ਦਾ ਆਉਣਾ ਜਾਣਾ ਕਫ਼ੀ ਘੱਟ ਜਾਂਦਾ ਹੈ ਜਿਸ ਕਾਰਨ ਦੁਪਹਿਰ ਵੇਲੇ ਜ਼ਿਆਦਾ ਫ਼ਾਇਦਾ ਨਹੀਂ ਹੁੰਦਾ। ਪਰ ਸਕੂਲ ਵਾਲੇ ਬੱਚੇ ਲੰਘਦੇ ਹੋਏ ਜ਼ਰੂਰ ਜੂਸ ਵਗੈਰ ਪੀਂਦੇ ਹਨ। -ਬਾਕਸ- -ਸਿਹਤ ਵਿਭਾਗ ਨੇ ਗਰਮੀ ਤੋਂ ਬਚਾਅ ਲਈ ਲੋਕਾਂ ਲਈ ਕੀਤੀ ਐਡਵਾਇਜ਼ਰੀ ਜਾਰੀ ਇਕ ਪਾਸੇ ਜਿੱਥੇ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ, ਉਥੇ ਹੀ ਇਸ ਗਰਮੀ ’ਚ ਬੱਚਿਆਂ ਅਤੇ ਬਜ਼ੁਰਗਾਂ ਨੂੰ ਗਰਮੀ ’ਚ ਬਿਨਾ ਕੰਮ ਤੋਂ ਨਾ ਨਿਕਲਣ ਦੀ ਹਦਾਇਤ ਸਿਹਤ ਵਿਭਾਗ ਵੱਲੋਂ ਸਲਾਹ ਦਿੱਤੀ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਆਪਣੇ ਬਚਾਅ ਲਈ ਕੁੱਝ ਉਪਾਅ ਵਰਤਣ ਦੀਆਂ ਹਦਾਇਤਾਂ ਵੀ ਕੀਤੀਆਂ ਜਾ ਰਹੀਆਂ ਹਨ। ਸਿਵਲ ਸਰਜਨ ਮਾਨਸਾ ਡਾ.ਰਣਜੀਤ ਸਿੰਘ ਰਾਏ ਨੇ ਵਧ ਰਹੀ ਗਰਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਇਜਰੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਤ ਦੀ ਗਰਮੀ ਮਨੁੱਖੀ ਸਿਹਤ ਲਈ ਮਾਰੂ ਸਾਬਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅੱਤ ਦੀ ਗਰਮੀ ਦੌਰਾਨ ਜ਼ਿਲ੍ਹਾ ਵਾਸੀ ਦੁਪਹਿਰ ਦੇ ਸਮੇਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ। ਡਾ.ਰਾਏ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਾਰੀ ਸਲਾਹ ਅਨੁਸਾਰ ਨਵ ਜਨਮੇ ਬੱਚੇ, ਛੋਟੇ ਬੱਚੇ,ਗਰਭਵਤੀ ਔਰਤਾਂ, 65 ਸਾਲ ਜਾਂ ਇਸ ਤੋਂ ਵਧੇਰੇ ਉਮਰ ਦੇ ਲੋਕਾਂ, ਮਜ਼ਦੂਰਾਂ, ਮੋਟਾਪੇ ਨਾਲ ਪੀੜਤ ਲੋਕਾਂ, ਮਾਨਸਿਕ ਤੌਰ ’ਤੇ ਬਿਮਾਰ ਲੋਕਾਂ, ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਆਦਿ ਨੂੰ ਹਰ ਹੀਲੇ ਵਧੇਰੇ ਤਾਪਮਾਨ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਹਰ ਕੰਮ ਕਰਨ ਵੇਲੇ ਹਲਕੇ ਰੰਗ ਦੇ ਪੂਰੇ ਸਰੀਰ ਨੂੰ ਢਕਣ ਵਾਲੇ ਸੂਤੀ ਕੱਪੜੇ ਪਾਉਣੇ ਚਾਹੀਦੇ ਹਨ, ਆਪਣੇ ਸਿਰ ਨੂੰ ਸਿੱਧੀ ਧੁੱਪ ਤੋਂ ਢੱਕਣ ਲਈ ਛਤਰੀ, ਟੋਪੀ, ਤੌਲੀਏ, ਪੱਗ ਜਾਂ ਦੁਪੱਟੇ ਦੀ ਵਰਤੋਂ ਕੀਤੀ ਜਾਵੇ ਅਤੇ ਨੰਗੇ ਪੈਰ ਧੁੱਪ ਵਿੱਚ ਨਾ ਜਾਇਆ ਜਾਵੇ। ਜੋ ਲੋਕ ਧੁੱਪ ਵਿੱਚ ਕੰਮ ਕਰਦੇ ਹਨ, ਉਹ ਸਰੀਰ ਦਾ ਤਾਪਮਾਨ 37 ਡਿਗਰੀ ਰੱਖਣ ਲਈ ਥੋੜੀ ਦੇਰ ਬਾਅਦ ਛਾਂ ਵਿੱਚ ਆਰਾਮ ਕਰਨ ਜਾਂ ਸਿਰ ’ਤੇ ਗਿੱਲਾ ਤੌਲੀਆ ਜਾਂ ਕੱਪੜਾ ਜ਼ਰੂਰ ਰੱਖਣ, ਧੁੱਪ ਵਿਚ ਜਾਣ ਵੇਲੇ ਹਮੇਸ਼ਾ ਪਾਣੀ ਨਾਲ ਲੈ ਕੇ ਜਾਉ। ਉਨ੍ਹਾਂ ਕਿਹਾ ਕਿ ਮੌਸਮੀ ਫ਼ਲ ਅਤੇ ਸਬਜ਼ੀਆਂ ਜਿਵੇਂ ਕਿ ਤਰਬੂਜ਼, ਖਰਬੂਜਾ, ਅੰਗੂਰ, ਖੀਰੇ, ਟਮਾਟਰ, ਘੀਆ ਤੇ ਤੋਰੀਆਂ ਦੀ ਵਰਤੋਂ ਵਧੇਰੇ ਕੀਤੀ ਜਾਵੇ, ਕਿਉਂਕਿ ਇਨ੍ਹਾਂ ਵਿਚ ਪਾਣੀ ਦੀ ਮਾਤਰਾ ਵਧੇਰੇ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੌਸਮ ਦੌਰਾਨ ਓਆਰਐਸ, ਨਿੰਬੂ ਪਾਣੀ, ਲੱਸੀ, ਜੇਕਰ ਸੰਭਵ ਹੋ ਸਕੇ ਤਾਂ ਨਾਰੀਅਲ ਦਾ ਪਾਣੀ ਤੇ ਹੋਰ ਤਰਲ ਪਦਾਰਥਾਂ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗਰਮੀ ਦੇ ਸਿਖ਼ਰ ਦੇ ਘੰਟਿਆਂ ਦੌਰਾਨ ਖਾਣਾ ਬਣਾਉਣ ਤੋਂ ਪ੍ਰਹੇਜ਼ ਕਰੋ, ਰਸੋਈ ਦੇ ਖੇਤਰ ਨੂੰ ਚੰਗੀ ਤਰ੍ਹਾਂ ਹਵਾਦਾਰ ਕਰਨ ਲਈ ਦਰਵਾਜ਼ੇ ਤੇ ਖਿੜਕੀਆਂ ਖੁੱਲ੍ਹੀਆਂ ਰੱਖੋ। ਸਿਗਰਟ, ਤੰਬਾਕੂ, ਬੀੜੀ ਅਤੇ ਸ਼ਰਾਬ ਦੀ ਵਰਤੋਂ ਨਾ ਕੀਤੀ ਜਾਵੇ। ਚਾਹ, ਕਾਫੀ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ, ਤਲੇ ਅਤੇ ਬਾਹਰਲੇ ਖਾਣੇ ਤੋਂ ਪ੍ਰਹੇਜ਼ ਕੀਤਾ ਜਾਵੇ। ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਬੰਦ ਵਾਹਨਾਂ ਵਿੱਚ ਨਾ ਛੱਡੋ। ਜ਼ਰੂਰਤ ਪੈਣ ‘ਤੇ ਮੁਫ਼ਤ ਐਂਬੂਲੈਂਸ ਸੇਵਾ ਲਈ ਟੋਲ ਫ੍ਰੀ ਨੰਬਰ 108 ਅਤੇ ਸਿਹਤ ਸੰਬੰਧੀ ਵਧੇਰੇ ਜਾਣਕਾਰੀ ਲਈ ਟੋਲ਼ ਫ੍ਰੀ ਨੰਬਰ 104 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।