ਹਲਕਾ ਬੁਢਲਾਡਾ ਦੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ

-ਸਾਬਕਾ ਵਿਧਾਇਕ ਹਰਦੇਵ ਅਰਸ਼ੀ ਦੀ ਕਾਰ ’ਤੇ ਹੋਏ ਹਮਲੇ ਸਬੰਧੀ ਪੁਲਿਸ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਹਲਕਾ ਬੁਢਲਾਡਾ ਦੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਦੀ ਕਾਰ ‘ਤੇ ਹੋਏ ਹਮਲੇ ਅਤੇ ਭੰਨਤੋੜ ਮਾਮਲੇ ਵਿੱਚ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਰਾਜਨੀਤਿਕ ਮਾਹੌਲ ਗਰਮਾ ਗਿਆ ਹੈ। ਘਟਨਾ ਤੋਂ ਕਈ ਦਿਨ ਬਾਅਦ ਵੀ ਦੋਸ਼ੀਆਂ ਦੀ ਪਛਾਣ ਨਾ ਹੋਣ ਕਾਰਨ ਸਾਬਕਾ ਵਿਧਾਇਕ ਅਤੇ ਉਨ੍ਹਾਂ ਦੇ ਸਮਰਥਕਾਂ ’ਚ ਰੋਸ ਪਾਇਆ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਕਾਮਰੇਡ ਹਰਦੇਵ ਅਰਸ਼ੀ ਨੇ ਪੁਲਿਸ ਪ੍ਰਸ਼ਾਸਨ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਘਟਨਾ ਦੌਰਾਨ ਉਹ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਸਨ ਅਤੇ ਇਸ ਦੌਰਾਨ ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਦੀ ਕਾਰ ਦੀ ਬੁਰੀ ਤਰ੍ਹਾਂ ਨਾਲ ਤੋੜਭੰਨ ਕੀਤੀ ਗਈ ਸੀ। ਸਾਬਕਾ ਵਿਧਾਇਕ ਨੇ ਕਿਹਾ ਕਿ ਘਟਨਾ ਨੂੰ ਵਾਪਰੇ ਕਾਫ਼ੀ ਸਮਾਂ ਬੀਤ ਚੁੱਕਿਆ ਹੈ, ਪਰੰਤੂ ਪੁਲਿਸ ਹਾਲੇ ਤੱਕ ਹਮਲਾਵਰਾਂ ਦੀ ਨਿਸ਼ਾਨਦੇਹੀ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਨਾ ਸਿਰਫ਼ ਉਹ ਖ਼ੁਦ ਸਗੋਂ ਉਨ੍ਹਾਂ ਦੇ ਵਰਕਰ ਤੇ ਸਮਰਥਕ ਵੀ ਨਿਰਾਸ਼ ਅਤੇ ਚਿੰਤਤ ਹਨ। ਚੋਣ ਪ੍ਰਚਾਰ ਦੌਰਾਨ ਵਾਪਰੀ ਇਸ ਘਟਨਾ ਨੇ ਲੋਕਤੰਤਰਕ ਮਾਹੌਲ ਨੂੰ ਠੇਸ ਪਹੁੰਚਾਈ ਹੈ ਤੇ ਇਸ ਨਾਲ ਰਾਜਨੀਤਿਕ ਵਰਕਰਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋਈ ਹੈ।
ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਇਸ ਘਟਨਾ ਦੀ ਨਿਖੇਧੀ ਸਿਰਫ਼ ਉਨ੍ਹਾਂ ਦੀ ਪਾਰਟੀ ਤੱਕ ਸੀਮਤ ਨਹੀਂ ਰਹੀ, ਸਗੋਂ ਵੱਖ-ਵੱਖ ਜਮਹੂਰੀ, ਅਗਾਂਹਵਧੂ ਅਤੇ ਸੁਹਿਰਦ ਧਿਰਾਂ ਵੱਲੋਂ ਵੀ ਇਸ ਨੂੰ ਲੋਕਤੰਤਰ ’ਤੇ ਹਮਲਾ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਦੀ ਪਾਰਟੀ ਦੇ ਕੇਂਦਰੀ ਤੇ ਸੂਬਾਈ ਆਗੂਆਂ ਤੋਂ ਇਲਾਵਾ ਹਜ਼ਾਰਾਂ ਸ਼ੁਭਚਿੰਤਕਾਂ ਅਤੇ ਆਮ ਲੋਕਾਂ ਵੱਲੋਂ ਉਨ੍ਹਾਂ ਨਾਲ ਡੂੰਘੀ ਹਮਦਰਦੀ ਪ੍ਰਗਟਾਈ ਹੈ। ਉਹ ਤੇ ਉਨ੍ਹਾਂ ਦੀ ਪਾਰਟੀ ਇਸ ਸਹਿਯੋਗ ਅਤੇ ਸਮਰਥਨ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਦੀਆਂ ਘਟਨਾਵਾਂ ’ਚ ਸ਼ਾਮਲ ਲੋਕਾਂ ਖਿਲਾਫ਼ ਸਮੇਂ ਸਿਰ ਕਾਰਵਾਈ ਨਾ ਹੋਵੇ ਤਾਂ ਇਸ ਨਾਲ ਅਮਨ ਕਾਨੂੰਨ ਦੀ ਸਥਿਤੀ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਤੇ ਤੇਜ਼ ਜਾਂਚ ਕਰਕੇ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਭਰੋਸਾ ਕਾਨੂੰਨ ਵਿਵਸਥਾ ‘ਤੇ ਬਣਿਆ ਰਹੇ।
ਦੂਸਰੇ ਪਾਸੇ ਸਿਟੀ ਪੁਲਿਸ ਬੁਢਲਾਡਾ ਵੱਲੋਂ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਘਟਨਾ ਵਾਲੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਸ਼ੱਕੀ ਵਿਅਕਤੀਆਂ ਦੀ ਪਛਾਣ ਲਈ ਤਕਨੀਕੀ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਦੋਸ਼ੀਆਂ ਤੱਕ ਪੁੱਜਣ ਦੀ ਆਸ ਹੈ। ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਘਟਨਾ ਦੀ ਜਾਂਚ ਬਾਰੀਕੀ ਨਾਲ ਕੀਤੀ ਜਾ ਰਹੀ ਹੈ ਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਜਿਹੜੇ ਲੋਕ ਅਮਨ-ਕਾਨੂੰਨ ਦੀ ਸਥਿਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਐੱਸਐੱਸਪੀ ਨੇ ਭਰੋਸਾ ਦਿੱਤਾ ਕਿ ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਤੇ ਜਲਦ ਹੀ ਇਸ ਮਾਮਲੇ ਵਿੱਚ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।
ਇਸ ਘਟਨਾ ਤੋਂ ਬਾਅਦ ਇਲਾਕੇ ਦੇ ਰਾਜਨੀਤਿਕ ਮਾਹੌਲ ਵਿੱਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵੱਖ-ਵੱਖ ਰਾਜਨੀਤਿਕ ਅਤੇ ਸਮਾਜਿਕ ਧਿਰਾਂ ਵੱਲੋਂ ਵੀ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਚੋਣਾਂ ਦੌਰਾਨ ਇਸ ਤਰ੍ਹਾਂ ਦੀਆਂ ਘਟਨਾਵਾਂ ਲੋਕਤੰਤਰ ਲਈ ਚੰਗਾ ਸੰਕੇਤ ਨਹੀਂ ਹਨ ਤੇ ਪ੍ਰਸ਼ਾਸਨ ਨੂੰ ਅਜਿਹੇ ਮਾਮਲਿਆਂ ਵਿੱਚ ਤੁਰੰਤ ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਫਿਲਹਾਲ ਪੁਲਿਸ ਦੀ ਜਾਂਚ ਜਾਰੀ ਹੈ ਅਤੇ ਲੋਕਾਂ ਦੀ ਨਿਗਾਹ ਇਸ ਗੱਲ ‘ਤੇ ਟਿਕੀ ਹੋਈ ਹੈ ਕਿ ਦੋਸ਼ੀਆਂ ਦੀ ਪਛਾਣ ਕਦੋਂ ਤੱਕ ਹੁੰਦੀ ਹੈ ਤੇ ਉਨ੍ਹਾਂ ਖਿਲਾਫ ਕਿਹੜੀ ਕਾਰਵਾਈ ਕੀਤੀ ਜਾਂਦੀ ਹੈ।