ਪੁਲਿਸ ਵੱਲੋਂ ਭਰੋਸਾ ਮਿਲਣ ’ਤੇ ਟਾਵਰ ਤੋਂ ਉਤਰੇ ਦਾਦੀ-ਪੋਤਾ
ਬੀਤੀ ਕੱਲ੍ਹ ਸ਼ਾਮ ਉਸ ਸਮੇਂ ਸ਼ਹਿਰ ਵਿੱਚ
Publish Date: Tue, 05 May 2026 05:43 PM (IST)
Updated Date: Wed, 06 May 2026 04:08 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਸੋਮਵਾਰ ਸ਼ਾਮ ਉਸ ਸਮੇਂ ਸ਼ਹਿਰ ਵਿੱਚ ਭਾਰੀ ਹੰਗਾਮਾ ਹੋ ਗਿਆ, ਜਦੋਂ ਸਰਦੂਲਗੜ੍ਹ ਪੁਲਿਸ ਵੱਲੋਂ ਵਾਰਡ-5 ਵਿੱਚੋਂ ਇੱਕ ਨੌਜਵਾਨ ਨੂੰ ਨਸ਼ੇ ਦੇ ਮਾਮਲੇ ਵਿੱਚ ਘਰੋਂ ਚੁੱਕ ਲਿਆ ਅਤੇ ਉਸ ‘ਤੇ ਐਨਡੀਪੀਸੀ ਦਾ ਪਰਚਾ ਦੇ ਦਿੱਤਾ। ਘਰ ਵਾਲਿਆਂ ਨੇ ਵਾਰਡ ਦੇ ਕੌਂਸਲਰ ਅਤੇ ਵਾਰਡ ਵਾਸੀਆਂ ਨੂੰ ਨਾਲ ਲੈ ਕੇ ਥਾਣੇ ਅੱਗੇ ਧਰਨਾ ਲਾ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਲੜਕਾ ਬੇਕਸੂਰ ਹੈ। ਪੁਲਿਸ ਵੱਲੋਂ ਜਾਣ ਬੁੱਝ ਕੇ ਉਸ ਨੂੰ ਫ਼ਸਾਇਆ ਜਾ ਰਿਹਾ ਹੈ। ਜਦ ਧਰਨਾ ਲਗਾਉਣ ਬਾਅਦ ਵੀ ਕੋਈ ਮਾਮਲਾ ਹੱਲ ਨਾ ਹੋਇਆ ਤਾਂ ਨੌਜਵਾਨ ਦੀ ਮਾਤਾ ਅਤੇ ਉਸਦੇ ਪੁੱਤਰ ਮੋਬਾਈਲ ਟਾਵਰ ਤੇ ਚੜ੍ਹ ਗਏ। ਇਹ ਹੰਗਾਮਾ ਦੇਰ ਰਾਤ ਤੱਕ ਚੱਲਦਾ ਰਿਹਾ ਤਾਂ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਉੱਥੇ ਪਹੁੰਚ ਕੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੀ ਇੱਕ ਦਰਖਾਸਤ ਉਨ੍ਹਾਂ ਨੂੰ ਦੇ ਦੇਣ, ਜਿਸ ’ਤੇ ਜਾਂਚ ਪੜਤਾਲ ਕਰਵਾਈ ਜਾਵੇਗੀ। ਜੇਕਰ ਲੜਕਾ ਬੇਕਸੂਰ ਹੋਇਆ ਤਾਂ ਉਸ ਨੂੰ ਪਰਚੇ ਵਿੱਚੋਂ ਕੱਢ ਦਿੱਤਾ ਜਾਵੇਗਾ। ਇਸ ਸਬੰਧ ’ਚ ਵਾਰਡ ਦੇ ਐੱਮਸੀ ਬਰਿੰਦਰ ਸਿੰਘ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਰਾਤ ਸਮੇਂ ਉਨ੍ਹਾਂ ਕੋਲ ਉਪ ਕਪਤਾਨ ਪੁਲਿਸ ਮਨਜੀਤ ਸਿੰਘ ਪਹੁੰਚੇ ਸਨ। ਉਨ੍ਹਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਤੁਸੀਂ ਇੱਕ ਦਰਖਾਸਤ ਉਚ ਅਧਿਕਾਰੀਆਂ ਨੂੰ ਦੇ ਦਿਓ। ਉਸ ਬਾਅਦ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ। ਜੇਕਰ ਇਹ ਲੱਗਿਆ ਕਿ ਕੁਝ ਗਲਤ ਹੋਇਆ ਹੈ ਤਾਂ ਨੌਜਵਾਨ ਨੂੰ ਪਰਚੇ ਵਿੱਚੋਂ ਕੱਢ ਦਿੱਤਾ ਜਾਵੇਗਾ, ਜਿਸ ਤੇ ਮਾਤਾ ਅਤੇ ਉਸ ਦਾ ਪੋਤਾ ਟਾਵਰ ਤੋਂ ਹੇਠਾਂ ਉਤਰ ਆਏ ਹਨ।