ਸ਼ਹਿਰ ਦੀਆਂ ਰੁਕੀਆਂ ਸੜਕਾਂ ਦਾ ਨਿਰਮਾਣ ਮੁੜ ਸ਼ੁਰੂ
ਮਾਨਸਾ ਸ਼ਹਿਰ ਦੀਆਂ ਸੜਕਾਂ ਦੀ
Publish Date: Fri, 01 May 2026 06:30 PM (IST)
Updated Date: Sat, 02 May 2026 04:11 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਸ਼ਹਿਰ ਦੀਆਂ ਸੜਕਾਂ ਦੀ ਖ਼ਸਤਾ ਹਾਲਤ ਨੂੰ ਸੁਧਾਰਨ ਲਈ 21 ਮੈਂਬਰੀ ਕਮੇਟੀ ਮਾਨਸਾ ਵੱਲੋਂ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਕਚਹਿਰੀ ਰੋਡ ਤੋਂ ਬਾਅਦ ਦੂਸਰੀ ਅਹਿਮ ਸੜਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ। ਛੋਟੀ ਮਾਨਸਾ ਤੋਂ ਰਮਨ ਸਿਨੇਮਾ ਰੋਡ ਨੂੰ ਜੋੜਨ ਵਾਲੀ ਇਸ ਸੜਕ 'ਤੇ ਲੁੱਕ ਪਾਉਣ ਦਾ ਕੰਮ ਪਿਛਲੇ ਤਿੰਨ ਮਹੀਨਿਆਂ ਤੋਂ ਲਟਕ ਰਿਹਾ ਸੀ, ਜੋ ਕਮੇਟੀ ਦੇ ਦਖ਼ਲ ਤੋਂ ਬਾਅਦ ਅੱਜ ਮੁੜ ਚਾਲੂ ਹੋ ਗਿਆ ਹੈ। ਮੌਕੇ ਦਾ ਜਾਇਜ਼ਾ ਅਤੇ ਅਧਿਕਾਰੀਆਂ ਨਾਲ ਗੱਲਬਾਤ 21 ਮੈਂਬਰੀ ਕਮੇਟੀ ਦੇ ਮੈਂਬਰ ਗੁਰਲਾਭ ਸਿੰਘ ਮਾਹਲ (ਐਡਵੋਕੇਟ) ਨੇ ਅੱਜ ਮੌਕੇ 'ਤੇ ਪਹੁੰਚ ਕੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਮੰਡੀਕਰਨ ਬੋਰਡ ਦੇ ਜਸਦੀਪ ਸਿੰਘ ਐਕਸੀਅਨ ਅਤੇ ਅਮਨਵੀਰ ਸਿੰਘ ਐੱਸਡੀਓ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ। ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਇਸ ਸੜਕ ਦਾ ਕੰਮ ਅਗਲੇ 3 ਦਿਨਾਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਅਗਲੇ 10 ਦਿਨਾਂ ਦੇ ਅੰਦਰ-ਅੰਦਰ ਕਾਲਜ ਰੋਡ ਦੀ ਬੈਕ ਸਾਈਡ ਨੂੰ ਜਾਣ ਵਾਲੀ ਸੜਕ 'ਤੇ ਵੀ ਲੁੱਕ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਸੜਕ ਦੇ ਨਿਰਮਾਣ ਨਿਯਮਾਂ ਬਾਰੇ ਜਾਣਕਾਰੀ ਦਿੰਦਿਆਂ ਐਕਸੀਅਨ ਮੰਡੀਕਰਨ ਬੋਰਡ ਨੇ ਦੱਸਿਆ ਕਿ ਹੁਣ ਪਾਈ ਜਾ ਰਹੀ ਲੁੱਕ ਦੀ ਪਰਤ ਤੋਂ ਬਾਅਦ ਇੱਕ ਲੇਅਰ ਹੋਰ ਉੱਪਰ ਪਾਈ ਜਾਵੇਗੀ ਤਾਂ ਜੋ ਸੜਕ ਦੀ ਮਜ਼ਬੂਤੀ ਬਣੀ ਰਹੇ। ਉਨ੍ਹਾਂ ਸਪੱਸ਼ਟ ਕੀਤਾ ਕਿ ਬਦਲਵਾਂ ਰਸਤਾ ਨਾ ਹੋਣ ਕਾਰਨ ਟ੍ਰੈਫਿਕ ਪੂਰੀ ਤਰ੍ਹਾਂ ਬੰਦ ਨਹੀਂ ਕੀਤੀ ਜਾ ਸਕਦੀ, ਜਿਸ ਕਾਰਨ ਸੜਕ ਨੂੰ ਮਾਮੂਲੀ ਨੁਕਸਾਨ ਹੋਣ ਦਾ ਖਦਸ਼ਾ ਹੈ, ਪਰ ਕੰਮ ਨੂੰ ਪੂਰੀ ਗੁਣਵੱਤਾ ਨਾਲ ਨੇਪਰੇ ਚਾੜ੍ਹਿਆ ਜਾਵੇਗਾ। 21 ਮੈਂਬਰੀ ਕਮੇਟੀ ਵੱਲੋਂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਸ਼ਹਿਰ ਵਾਸੀਆਂ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਹੈ:"ਅਗਲੇ ਤਿੰਨ ਦਿਨ ਜਦੋਂ ਤੱਕ ਇਸ ਸੜਕ ਦਾ ਨਿਰਮਾਣ ਚੱਲ ਰਿਹਾ ਹੈ, ਕਿਰਪਾ ਕਰਕੇ ਇਸ ਰੋਡ 'ਤੇ ਭਾਰੀ ਵਾਹਨ ਲੈ ਕੇ ਜਾਣ ਤੋਂ ਗੁਰੇਜ਼ ਕੀਤਾ ਜਾਵੇ ਤਾਂ ਜੋ ਨਵੀਂ ਬਣੀ ਸੜਕ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ।"ਕਮੇਟੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਨਿਗਰਾਨੀ ਇਸੇ ਤਰ੍ਹਾਂ ਜਾਰੀ ਰੱਖਣਗੇ।