ਸਾਬਕਾ ਪ੍ਰਧਾਨ ਨੇ ਨਿੱਜੀ ਮਸ਼ੀਨਾਂ ਲੈ ਕੇ ਭੀਖੀ ’ਚ ਕਰਵਾਈ ਫ਼ੌਗਿੰਗ
ਭੀਖੀ ਵਿਖੇ ਪਿਛਲੇ ਦਿਨਾ
Publish Date: Sat, 18 Oct 2025 06:45 PM (IST)
Updated Date: Sat, 18 Oct 2025 06:47 PM (IST)

ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ ਭੀਖੀ : ਭੀਖੀ ਵਿਖੇ ਪਿਛਲੇ ਦਿਨਾਂ ਤੋਂ ਫ਼ੈਲ ਰਹੇ ਡੇਂਗੂ ਤੇ ਚਿਕਨਗੁਨੀਏ ਵਰਗੀਆਂ ਬਿਮਾਰੀਆਂ ਤੋਂ ਪੀੜਤ ਲੋਕ ਤਕਰੀਬਨ ਹਰੇਕ ਘਰ ਵਿਖੇ ਪਏ ਹਨ। ਡਾਕਟਰਾਂ ਅਤੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਿਮਾਰੀਆਂ ਮੱਛਰਾਂ ਤੋਂ ਫ਼ੈਲਦੀਆਂ ਹਨ, ਜਦੋਂਕਿ ਬਰਸਾਤਾਂ ਤੋਂ ਬਾਅਦ ਅਜੇ ਤੱਕ ਭੀਖੀ ਦੀਆਂ ਕਈ ਗਲੀਆਂ ਅਤੇ ਸੜਕਾਂ ਤੇ ਗੰਦਾ ਪਾਣੀ ਫ਼ਿਰ ਰਿਹਾ ਹੈ, ਜਿਸ ਕਾਰਨ ਉਕਤ ਬਿਮਾਰੀਆਂ ਫ਼ੈਲ ਰਹੀਆਂ ਹਨ। ਜਦੋਂ ਮੌਜੂਦਾ ਨਗਰ ਪੰਚਾਇਤ ਤੇ ਪ੍ਰਸ਼ਾਸ਼ਨ ਨੇ ਮੱਛਰ ਨੂੰ ਮਾਰਨ ਲਈ ਫ਼ੌਗਿੰਗ ਕਰਨ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਭੀਖੀ ਵਾਸੀਆਂ ਨੂੰ ਮੱਛਰਾਂ ਤੋਂ ਨਿਜਾਤ ਦਿਵਾਉਣ ਲਈ ਨਗਰ ਪੰਚਾਇਤ ਭੀਖੀ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਕੌਂਸਲਰ ਹਰਪ੍ਰੀਤ ਸਿੰਘ ਚਹਿਲ ਨੇ ਆਪਣੀ ਜੇਬ ’ਚੋਂ ਖਰਚ ਕਰਕੇ ਦੋ ਫ਼ੌਗਿੰਗ ਮਸ਼ੀਨਾਂ ਲਿਆਂਦੀਆਂ ਤੇ ਸਮੁੱਚੇ ਵਾਰਡਾਂ ’ਚ ਫੌਗਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 12, 4, 5 ਅਤੇ ਤੋਂ ਇਲਾਵਾ ਮਿਊਂਸੀਪਲ ਪਾਰਕ ਭੀਖੀ ਦੀਆਂ ਧਰਮਸ਼ਲਾਵਾਂ ਤੇ ਹੋਰ ਕਈ ਸਾਂਝੀਆਂ ਥਾਂਵਾਂ ’ਤੇ ਫ਼ੌਗਿੰਗ ਕਰ ਦਿੱਤੀ ਹੈ ਤੇ ਬਾਕੀ ਰਹਿੰਦੇ ਵਾਰਡਾਂ ’ਚ ਵੀ ਛੇਤੀ ਕਰ ਦਿੱਤੀ ਜਾਵੇਗੀ। ਫ਼ੌਗਿੰਗ ਲਈ ਵਰਤੀ ਜਾਂਦੀ ਦਵਾਈ ਵੀ ਕਾਫ਼ੀ ਮਹਿੰਗੀ ਹੈ। ਉਹ ਵੀ ਆਪਣੇ ਪੱਲਿਉਂ ਖਰਚ ਕੇ ਕਰ ਰਹੇ ਹਨ। ਦੂਜੇ ਪਾਸੇ ਨਗਰ ਪੰਚਾਇਤ ਭੀਖੀ ਨੇ ਵੀ ਹੁਣ ਫ਼ੌਗਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਕਿਸਾਨ ਆਗੂ ਗੁਰਨਾਮ ਸਿੰਘ ਭੀਖੀ ਐਡਵੋਕੇਟ ਓਂਕਾਰ ਮਿੱਤਲ, ਕਾਲਾ ਸਿੰਘ, ਕੌਂਸਲਰ ਸੁਰੇਸ਼ ਕੁਮਾਰ ਬਿੰਦਲ, ਸ਼ੈਰੀ ਚਹਿਲ, ਲਿਬਰੇਸਨ ਆਗੂ ਦਰਸ਼ਨ ਸਿੰਘ ਟੇਲਰ, ਰਛਪਾਲ ਟੈਨੀ, ਦਰਸ਼ਨ ਸਿੰਘ ਸੁਸਾਇਟੀ ਮੈਬਰ, ਬਿੱਲੂ ਸਿੰਘ, ਹਰਪਾਲ ਕੱਤਰੀ, ਅਜੈਬ ਸਿੰਘ ਭੀਖੀ ਆਦਿ ਹਾਜ਼ਰ ਸਨ।