ਸਾਬਕਾ ਵਿਧਾਇਕ ਹਰਦੇਵ ਅਰਸ਼ੀ ਦੀ ਗੱਡੀ ’ਤੇ ਹਮਲਾ ਕਰਕੇ ਸੀਸ਼ੇ ਭੰਨੇ,ਵਾਲ ਵਾਲ ਬਚੇ
ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਦੀ ਗੱਡੀ ’ਤੇ ਹਮਲਾ ਕਰਕੇ ਸੀਸ਼ੇ ਭੰਨੇ ਗਏ ਹਨ। ਇਸ ਦੌਰਾਨ ਉਹ ਵਾਲ ਵਾਲ ਬਚ ਗਏ। ਅੱਜ ਜਦ ਵਾਰਡ ਨੰਬਰ. 1 ਤੋਂ ਸੀਪੀਆਈ ਅਤੇ ਕਾਂਗਰਸ ਪਾਰਟੀ ਦੇ ਸਾਂਝੇ ਉਮੀਦਵਾਰ ਜਗਸੀਰ ਸਿੰਘ ਰਾਏਕੇ ਦੀ ਚੋਣ ਮੁਹਿੰਮ ਬਾਅਦ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਸੰਬੋਧਨ ਕਰਨ ਬਾਅਦ ਕਾਰ ਵੱਲ ਪਹੁੰਚੇ। ਇਸ ਦੌਰਾਨ ਕੁੱਝ ਵਿਅਕਤੀਆਂ ਵੱਲੋਂ ਹਮਲਾ ਕਰਕੇ ਗੱਡੀ ਦੇ ਸੀਸ਼ੇ ਤੋੜ ਦਿੱਤੇ ਗਏ।
Publish Date: Wed, 20 May 2026 10:41 PM (IST)
Updated Date: Wed, 20 May 2026 10:45 PM (IST)
ਉਨ੍ਹਾਂ ਨੇ ਦੋਸ਼ ਲਗਾਇਆ ਕਿ ਮੌਜੂਦਾ ਹਾਲਾਤ ਖਰਾਬ ਹੋ ਰਹੇ ਹਨ ਅਤੇ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ। ਗੁੰਡਾਗਰਦੀ ਲਗਾਤਾਰ ਵੱਧ ਰਹੀ ਹੈ। ਹਰ ਕਿਸੇ ‘ਤੇ ਬਿਨਾ ਖੌਫ਼ ਸ਼ਰਾਰਤੀ ਅਨਸਰ ਹਮਲੇ ਕਰ ਰਹੇ ਹਨ, ਪਰ ਪੁਲਿਸ ਦਾ ਕਿਸੇ ਨੁੰ ਕੋਈ ਡਰ ਨਹੀਂ ਹੈ।ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਆਖ ਰਹੇ ਸਨ ਕਿ ਆਪ ਪਾਰਟੀ ਇਹ ਚੋਣਾਂ ਅਮਨ ਅਮਾਨ ਨਾਲ ਨਹੀਂ ਕਰਵਾਉਣਾ ਚਾਹੁੰਦੀ। ਪੂਰੇ ਪੰਜਾਬ ਵਿੱਚ ਗੁੰਡਾਗਰਦੀ ਦਾ ਬੋਲਬਾਲਾ ਹੈ। ਜਦ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਤੇ ਹਮਲਾ ਹੋ ਸਕਦਾ ਤਾਂ ਆਮ ਲੋਕ ਕਿੱਥੇ ਸੁਰੱਖਿਅਤ ਰਹਿਣਗੇ। ਇਸ ਦੌਰਾਨ ਥਾਣਾ ਬੁਢਲਾਡਾ ਸਿਟੀ ਦੇ ਇੰਚਾਰਜ ਕਮਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਪਹੁੰਚੀ ਅਤੇ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।