ਦਰਦਨਾਕ ਹਾਦਸਾ: ਸਕੂਟਰੀ ਸਲਿੱਪ ਹੋਣ ਕਾਰਨ ਰੋਡ ਰੋਲਰ ਹੇਠਾਂ ਆਏ ਪਿਤਾ-ਧੀ, ਪਿਤਾ ਦੀ ਮੌਕੇ ’ਤੇ ਮੌਤ, ਬੱਚੀ ਗੰਭੀਰ ਜ਼ਖ਼ਮੀ
ਗਣੇਸ਼ਾ ਬਸਤੀ ਦੀ ਗਲੀ ਨੰਬਰ 9 ਵਿੱਚ ਇਕ ਵਿਅਕਤੀ ਆਪਣੀ ਸਕੂਟਰੀ ’ਤੇ ਸਾਈਡ ਨਾਲ ਲੰਘ ਰਿਹਾ ਸੀ ਕਿ ਘਰ ਦੇ ਬਾਹਰ ਬਣੇ ਰੈਂਪ ’ਤੇ ਪਈ ਥੋੜ੍ਹੀ ਬਜਰੀ ਕਾਰਨ ਸਕੂਟਰੀ ਅਚਾਨਕ ਸਲਿੱਪ ਹੋ ਗਈ। ਇਸ ਕਾਰਨ ਸਕੂਟਰੀ ਚਾਲਕ ਅਤੇ ਉਸ ਦੀ ਧੀ ਦੋਵੇਂ ਸੜਕ ਦੇ ਵਿਚਕਾਰ ਡਿੱਗ ਪਏ।
Publish Date: Fri, 08 May 2026 02:56 PM (IST)
Updated Date: Fri, 08 May 2026 02:59 PM (IST)
ਸੰਵਾਦ ਨਿਊਜ਼ ਏਜੰਸੀ, ਪੰਜਾਬੀ ਜਾਗਰਣ, ਬਠਿੰਡਾ। ਗਣੇਸ਼ਾ ਬਸਤੀ ਦੀ ਗਲੀ ਨੰਬਰ 9 ਵਿੱਚ ਇਕ ਵਿਅਕਤੀ ਆਪਣੀ ਸਕੂਟਰੀ ’ਤੇ ਸਾਈਡ ਨਾਲ ਲੰਘ ਰਿਹਾ ਸੀ ਕਿ ਘਰ ਦੇ ਬਾਹਰ ਬਣੇ ਰੈਂਪ ’ਤੇ ਪਈ ਥੋੜ੍ਹੀ ਬਜਰੀ ਕਾਰਨ ਸਕੂਟਰੀ ਅਚਾਨਕ ਸਲਿੱਪ ਹੋ ਗਈ। ਇਸ ਕਾਰਨ ਸਕੂਟਰੀ ਚਾਲਕ ਅਤੇ ਉਸ ਦੀ ਧੀ ਦੋਵੇਂ ਸੜਕ ਦੇ ਵਿਚਕਾਰ ਡਿੱਗ ਪਏ।
ਇਸ ਦੌਰਾਨ ਗਲੀ ਵਿੱਚ ਸੜਕ ਬਣਾਉਣ ਦਾ ਕੰਮ ਕਰ ਰਿਹਾ ਰੋਡ ਰੋਲਰ ਪਿੱਛੇ ਵੱਲ ਆ ਰਿਹਾ ਸੀ, ਜੋ ਪਿਤਾ-ਧੀ ਉੱਤੇ ਚੜ੍ਹ ਗਿਆ। ਰੋਡ ਰੋਲਰ ਹੇਠਾਂ ਆਉਣ ਕਾਰਨ ਸਕੂਟਰੀ ਚਾਲਕ ਦਾ ਸਿਰ ਬੁਰੀ ਤਰ੍ਹਾਂ ਕੁਚਲਿਆ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ, ਜਦਕਿ ਬੱਚੀ ਵੀ ਰੋਡ ਰੋਲਰ ਦੀ ਚਪੇਟ ਵਿੱਚ ਆ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਸਮਾਜਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੋਸਾਇਟੀ ਦੀ ਐਂਬੂਲੈਂਸ ਟੀਮ ਦੇ ਵਲੰਟੀਅਰ ਸੁਮਿਤ ਮਹੇਸ਼ਵਰੀ, ਰਾਜਵਿੰਦਰ, ਗੌਤਮ ਸ਼ਰਮਾ ਅਤੇ ਆਕਾਸ਼ ਗਰਗ ਮੌਕੇ ’ਤੇ ਪਹੁੰਚੇ। ਸੰਸਥਾ ਦੀ ਟੀਮ ਨੇ ਜ਼ਖ਼ਮੀ ਬੱਚੀ ਨੂੰ ਪਹਿਲਾਂ ਨਜ਼ਦੀਕੀ ਨਿੱਜੀ ਹਸਪਤਾਲ ਪਹੁੰਚਾਇਆ ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਉੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਟੀਮ ਨੇ ਬੱਚੀ ਨੂੰ ਐਂਜਲ ਹਸਪਤਾਲ ਰੈਫਰ ਕਰ ਦਿੱਤਾ।
ਮ੍ਰਿਤਕ ਦੀ ਪਹਿਚਾਣ ਵਿਸ਼ਾਲ ਗੁਪਤਾ (ਉਮਰ 32 ਸਾਲ) ਪੁੱਤਰ ਰਾਜਕੁਮਾਰ ਵਾਸੀ ਅਫੀਮ ਵਾਲੀ ਗਲੀ, ਬਠਿੰਡਾ ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਬੱਚੀ ਦੀ ਪਹਿਚਾਣ ਮੰਨਤ (9 ਸਾਲ) ਪੁੱਤਰੀ ਵਿਸ਼ਾਲ ਗੁਪਤਾ ਵਜੋਂ ਹੋਈ ਹੈ। ਬੱਚੀ ਦੀ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ।
ਉੱਧਰ, ਮੁੱਢਲੀ ਕਾਰਵਾਈ ਤੋਂ ਬਾਅਦ ਸੰਸਥਾ ਦੀ ਟੀਮ ਨੇ ਮ੍ਰਿਤਕ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ।