ਖਸਤਾਹਾਲ ਸੜਕਾਂ ਤੇ ਬਿਜਲੀ ਕੱਟਾਂ ਤੋਂ ਪਰੇਸ਼ਾਨ ਕਿਸਾਨਾਂ ਨੇ ਲਗਾਇਆ ਧਰਨਾ, ਪ੍ਰਸ਼ਾਸਨ ਨੂੰ ਦਿੱਤਾ ਚਿਤਾਵਨੀ ਪੱਤਰ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਮਾਖਾ ਮੋੜ ’ਤੇ ਧਰਨਾ ਲਗਾ ਕੇ ਦੋ ਸਾਲ ਤੋਂ ਪੁੱਟੀਆਂ ਸੜਕਾਂ ਦਾ ਹੱਲ ਕਰਵਾਇਆ ਗਿਆ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਝੇਰਿਆਵਾਲੀ ਤੋਂ ਲੈਕੇ ਰਾਏਪੁਰ ਮਾਖਾ ਕਰਮਗੜ੍ਹ ਔਤਾਵਾਲੀ ਦਲੀਏਵਾਲੀ ਕੋਟਲੀ ਕਮਾਲੂ ਸੱਦਾ ਸਿੰਘ ਵਾਲਾ ਖੋਖਰਾਂ ਵਿਚ ਦੀ ਹੁੰਦੀ ਹੋਈ ਸੜਕ ਮਾਨਸਾ ਪਹੁੰਚਦੀ ਹੈ।
Publish Date: Mon, 27 Apr 2026 04:47 PM (IST)
Updated Date: Mon, 27 Apr 2026 04:53 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਮਾਖਾ ਮੋੜ ’ਤੇ ਧਰਨਾ ਲਗਾ ਕੇ ਦੋ ਸਾਲ ਤੋਂ ਪੁੱਟੀਆਂ ਸੜਕਾਂ ਦਾ ਹੱਲ ਕਰਵਾਉਣ ਲਈ ਧਰਨਾ ਦਿੱਤਾ ਗਿਆ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਝੇਰਿਆਵਾਲੀ ਤੋਂ ਲੈ ਕੇ ਰਾਏਪੁਰ ਮਾਖਾ ਕਰਮਗੜ੍ਹ ਔਤਾਵਾਲੀ ਦਲੀਏਵਾਲੀ ਕੋਟਲੀ ਕਮਾਲੂ ਸੱਦਾ ਸਿੰਘ ਵਾਲਾ ਖੋਖਰਾਂ ਵਿਚ ਦੀ ਹੁੰਦੀ ਹੋਈ ਸੜਕ ਮਾਨਸਾ ਪਹੁੰਚਦੀ ਹੈ।
ਉਨ੍ਹਾਂ ਨੂੰ ਪੁੱਟੀਆਂ ਹੋਈਆਂ ਨੂੰ ਪੂਰੇ ਦੋ ਸਾਲ ਦਾ ਸਮਾਂ ਬੀਤ ਚੁੱਕਿਆ ਹੈ ਪਰ ਵਾਰ-ਵਾਰ ਪਿੰਡਾਂ ਵੱਲੋਂ ਗੇੜੇ ਮਾਰਨ ’ਤੇ ਵੀ ਕੋਈ ਹੱਲ ਨਾ ਹੋਇਆ। ਆਖਰ ਕਾਰ ਪਿੰਡਾਂ ਵੱਲੋਂ ਬੀ ਕੇ ਯੂ ਡਕੌਂਦਾ ਦੀਆਂ ਪਿੰਡ ਇਕਾਈਆਂ ਨਾਲ ਸੰਪਰਕ ਕੀਤਾ ਗਿਆ। ਫਿਰ ਜਥੇਬੰਦੀ ਦੀਆਂ ਇਕਾਈਆਂ ਵੱਲੋਂ ਬਲਾਕਾਂ ਦੇ ਆਗੂਆਂ ਨਾਲ ਗੱਲਬਾਤ ਕਰਕੇ ਫੌਰੀ ਤੌਰ ’ਤੇ ਧਰਨੇ ਦਾ ਐਲਾਨ ਕੀਤਾ ਅਤੇ ਮਾਖਾ ਮੋੜ ਤੋਂ ਅੱਜ ਸੰਕੇਤ ਧਰਨਾ ਦਿੱਤਾ ਗਿਆ।
ਫਿਰ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਿਸ ਕਰਕੇ ਮੰਡੀ ਬੋਰਡ ਦੇ ਐਕਸ਼ਨ ਮਨਜਿੰਦਰ ਸਿੰਘ ਵੱਲੋਂ ਸਟੇਜ ’ਤੇ ਆ ਕੇ ਭਰੋਸਾ ਦਿੱਤਾ ਗਿਆ ਕਿ ਦੋ ਦਿਨਾਂ ਦੇ ਵਿੱਚ ਕੰਮ ਚਾਲੂ ਕਰਵਾਇਆ ਜਾਵੇਗਾ ਅਤੇ ਹਫ਼ਤੇ ਦੇ ਅੰਦਰ ਸੜਕਾਂ ਮੁੰਕਮਲ ਕੀਤੀਆ ਜਾਣਗੀਆਂ। ਦੂਸਰਾ ਮੁੱਦਾ ਪੇਂਡੂ ਖੇਤਰਾਂ ਵਿੱਚ ਲੱਗ ਰਹੇ ਬਿਜਲੀ ਕੱਟਾ ਨੂੰ ਬੰਦ ਕਰਵਾਉਣ ਲਈ ਵੀ ਚਿਤਾਵਨੀ ਪੱਤਰ ਦਿੱਤਾ ਗਿਆ।
ਬਿਜਲੀ ਮਹਿਕਮੇ ਦੇ ਐੱਸ. ਡੀ. ਓ. ਅੰਮ੍ਰਿਤਪਾਲ ਸਿੰਘ ਵੱਲੋਂ ਸਟੇਜ ’ਤੇ ਆ ਕੇ ਚਿਤਾਵਨੀ ਪੱਤਰ ਲੈਂਦਿਆਂ ਵਿਸ਼ਵਾਸ ਦਿਵਾਇਆ ਕਿ ਇਹ ਵੀ ਤੁਹਾਡੇ ਇਸ ਮਸਲੇ ਦਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇਗਾ।