ਨਿਯਮਾਂ ਨੂੰ ਛਿੱਕੇ ਟੰਗ ਕੇ ਕੌਮੀ ਮਾਰਗ ਉੱਤੋਂ ਲੰਘਾਈ ਜਾ ਰਹੀ ਹੈ ਬਿਜਲੀ ਦੀ ਤਾਰ
ਲਗਭਗ ਤਿੰਨ ਸਾਲ ਪਹਿਲਾਂ ਸਰਦੂਲਗੜ੍ਹ ਵਿੱਚ
Publish Date: Mon, 11 May 2026 07:23 PM (IST)
Updated Date: Tue, 12 May 2026 04:10 AM (IST)

ਬੁੱਧਰਾਮ ਬਾਂਸਲ ਪੰਜਾਬੀ ਜਾਗਰਣ, ਸਰਦੂਲਗੜ੍ਹ : ਕਰੀਬ ਤਿੰਨ ਸਾਲ ਪਹਿਲਾਂ ਸਰਦੂਲਗੜ੍ਹ ਵਿੱਚ ਲੰਘਦੀ ਸੜਕ ਨੂੰ ਚੌੜਾ ਕਰਕੇ ਇਸ ਨੂੰ ਕੌਮੀ ਮਾਰਗ ਬਣਾਇਆ ਸੀ। ਉਸ ਸਮੇਂ ਇਸ ਕੌਮੀ ਮਾਰਗ ਉੱਤੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨੂੰ ਨਵੀਂ ਬਣੀ ਸੜਕ ਪੁੱਟ ਕੇ ਅੰਡਰਗਰਾਊਂਡ ਕੀਤਾ ਸੀ। ਇਸ ਮੌਕੇ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਕੌਮੀ ਮਾਰਗ ਦੇ ਉੱਪਰੋਂ ਬਿਜਲੀ ਦੀ ਕੋਈ ਵੀ ਤਾਰ ਨਹੀਂ ਜਾ ਸਕਦੀ ਜਿਸ ਲਈ ਸੜਕ ਪੁੱਟ ਕੇ ਇਨ੍ਹਾਂ ਨੂੰ ਅੰਡਰਗਰਾਊਂਡ ਕਰਨਾ ਲਾਜ਼ਮੀ ਹੈ। ਪਰ ਉਸ ਤੋਂ ਬਾਅਦ ਫ਼ਿਰ ਕਈ ਥਾਵਾਂ ’ਤੇ ਕੌਮੀ ਮਾਰਗ ’ਤੇ ਤਾਰ ਕ੍ਰਾਸ ਕਰਾ ਦਿੱਤੀ ਤੇ ਅੰਡਰਗਰਾਊਂਡ ਪਈ ਤਾਰ ਨੂੰ ਡਿਸਕੁਨੈਕਟ ਕਰ ਦਿੱਤਾ। ਹੁਣ ਫ਼ਿਰ ਬਿਜਲੀ ਵਿਭਾਗ ਵੱਲੋਂ ਸੜਕ ਵਿਚਾਲੇ ਬਣੇ ਡਿਵਾਈਡਰ ਦੀ ਤੋੜ-ਭੰਨ ਕਰ ਕੇ ਖੰਭੇ ਲਗਾਏ ਜਾ ਰਹੇ ਹਨ। ਨਿਯਮਾਂ ਨੂੰ ਛਿੱਕੇ ਟੰਗ ਕੇ ਕੌਮੀ ਮਾਰਗ ਉੱਪਰੋਂ ਦੀ ਤਾਰ ਨੂੰ ਲੰਘਾਇਆ ਜਾ ਰਿਹਾ ਹੈ। ਇਸ ਸਬੰਧੀ ਜਦ ਪੀਐੱਸਪੀਸੀਐੱਲ ਦੇ ਸਬ ਡਿਵੀਜ਼ਨ ਇੰਜੀਨੀਅਰ ਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਤੁਸੀਂ ਸਬੰਧਤ ਠੇਕੇਦਾਰ ਨਾਲ ਗੱਲ ਕਰਕੇ ਪੁੱਛ ਸਕਦੇ ਹੋ ਜਦੋਂ ਸੰਬੰਧਤ ਠੇਕੇਦਾਰ ਨਾਲ ਫ਼ੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਇੱਥੇ ਇੱਕ ਗੱਲ ਤਾਂ ਜ਼ਰੂਰ ਦੱਸਣੀ ਬਣਦੀ ਹੈ ਕਿ ਇਹ ਕਾਨੂੰਨ ਅਤੇ ਨਿਯਮ ਜੇਕਰ ਲਾਗੂ ਹੀ ਨਹੀਂ ਕਰਨੇ ਹੁੰਦੇ ਤਾਂ ਬਣਾਏ ਕਿਸ ਲਈ ਜਾਂਦੇ ਹਨ। ਜਾਂ ਫ਼ਿਰ ਸਬੰਧਤ ਕੰਮ ਦੇ ਠੇਕੇਦਾਰ ਨੂੰ ਫ਼ਾਇਦਾ ਪਹੁੰਚਾਉਣ ਲਈ ਛੋਟ ਦੇ ਦਿੱਤੀ ਜਾਂਦੀ ਹੈ ਕਿ ਉਹ ਨਿੱਜੀ ਹਿੱਤਾਂ ਲਈ ਕੁੱਝ ਵੀ ਕਰ ਸਕਦਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇੱਕ ਪਾਸੇ ਤਾਂ ਸੂਬੇ ਦੇ ਮੁੱਖ ਮੰਤਰੀ ਵੱਲੋਂ ਬਿਜਲੀ ਦੀਆਂ ਤਾਰਾਂ ਨੂੰ ਅੰਡਰਗਰਾਊਂਡ ਪਾਉਣ ਦੀ ਤਜਵੀਜ਼ ਲਿਆਂਦੀ ਜਾ ਰਹੀ ਹੈ ਦੂਜੇ ਪਾਸੇ ਮਹਿਕਮੇ ਵੱਲੋਂ ਪਹਿਲਾਂ ਤੋਂ ਹੀ ਪਈਆਂ ਅੰਡਰਗਰਾਊਂਡ ਤਾਰਾਂ ਨੂੰ ਡਿਸਕੁਨੈਕਟ ਕਰਕੇ ਕੌਮੀ ਮਾਰਗ ਉੱਤੋਂ ਦੀ ਤਾਰਾਂ ਪਾਈਆਂ ਜਾ ਰਹੀਆਂ ਹਨ।