ਕੇਂਦਰ ਦੀਆਂ ਨੀਤੀਆਂ ਕਾਰਨ ਦੇਸ਼ ਆਰਥਿਕ ਮੰਦਹਾਲੀ ’ਚ ਫ਼ਸਿਆ : ਪਾਸਲਾ
ਇਜ਼ਰਾਇਲ ਤੇ ਅਮਰੀਕਾ ਵੱਲੋਂ ਇਰਾਨ ਨਾਲ ਛੇੜੀ
Publish Date: Fri, 15 May 2026 06:32 PM (IST)
Updated Date: Sat, 16 May 2026 04:07 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਇਜ਼ਰਾਇਲ ਤੇ ਅਮਰੀਕਾ ਵੱਲੋਂ ਇਰਾਨ ਨਾਲ ਛੇੜੀ ਜੰਗ ਕਾਰਨ ਦੇਸ਼ ਦੇ ਹਾਲਾਤਾਂ ਤੇ ਚਰਚਾ ਕਰਨ ਲਈ ਸਰਦੂਲਗੜ੍ਹ ਵਿਖੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਪਹੁੰਚ ਕੇ ਪਾਰਟੀ ਦੇ ਸਥਾਨਕ ਆਗੂਆਂ ਨਾਲ ਵਿਚਾਰ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਨੇ ਮੋਦੀ ਸਰਕਾਰ ਵੱਲੋਂ ਅਮਰੀਕਾ ਸਾਮਰਾਜ ਅਤੇ ਅੰਬਾਨੀ ਅਡਾਨੀ ਦੇ ਦਬਾਅ ਹੇਠ ਲਏ ਜਾ ਰਹੇ ਦੇਸ਼ ਵਿਰੋਧੀ ਫ਼ੈਸਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ। ਪਾਰਟੀ ਕਾਰਜਕਰਤਾਵਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀ ਨੀਤੀ ਕਾਰਨ ਅੱਜ ਸਾਡਾ ਦੇਸ਼ ਆਰਥਿਕ ਮੰਦਹਾਲੀ ਵਿੱਚ ਫ਼ਸ ਚੁੱਕਿਆ ਹੈ, ਜਿਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਡੀਜ਼ਲ, ਪੈਟਰੋਲ, ਗੈਸ ਦੀ ਮਹਿੰਗਾਈ ਦੀ ਮਾਰ ਦਾ ਸਾਹਮਣਾ ਕਰਨਾ ਪਵੇਗਾ, ਰੁਜ਼ਗਾਰ ਨੂੰ ਭਾਰੀ ਢਾਹ ਲੱਗੇਗੀ। ਰੁਪਏ ਦੀ ਕੀਮਤ ਡਿੱਗਣ ਨਾਲ ਵਿਦੇਸ਼ੀ ਕਰਜ਼ਾ ਹੋਰ ਵੱਧ ਗਿਆ ਹੈ। ਇਜ਼ਰਾਈਲ ਅਮਰੀਕਾ ਵੱਲੋਂ ਇਰਾਨ ਉਪਰ ਕੀਤੇ ਹਮਲੇ ਮੌਕੇ ਮੋਦੀ ਸਰਕਾਰ ਵੱਲੋਂ ਸਾਡੇ ਦੇਸ਼ ਦੀ ਵਿਦੇਸ਼ ਨੀਤੀ ਨੂੰ ਦਾਅ ਤੇ ਲਾ ਦਿੱਤਾ ਹੈ ਦੂਸਰੇ ਦੇਸ਼ਾਂ ਨਾਲ ਵਪਾਰ ਕਰਨ ਦਾ ਫੈਸਲਾ ਅੱਜ ਸਾਡੇ ਦੇਸ਼ ਦੀ ਸਰਕਾਰ ਨਹੀਂ ਸਗੋਂ ਅਮਰੀਕਾ ਦਾ ਰਾਸ਼ਟਰਪਤੀ ਟਰੰਪ ਕਰਦਾ ਹੈ ਰੂਸ ਤੋਂ ਤੇਲ ਖ਼ਰੀਦਣ ਲਈ ਇਜਾਜ਼ਤ ਲੈਣੀ ਇਸ ਦੀ ਸਪਸ਼ਟ ਮਿਸਾਲ ਹੈ ਮੋਦੀ ਨੇ ਦੇਸ਼ ਦੀ ਪ੍ਰਭੂਸੱਤਾ ਗਹਿਣੇ ਪਾ ਦਿੱਤੀ ਹੈ। ਕਾਮਰੇਡ ਪਾਸਲਾ ਨੇ ਪਾਰਟੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਉਲੀਕੇ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 18 ਮਈ ਨੂੰ ਪੈਟਰੋਲ ਗੈਸ ਡੀਜ਼ਲ ਦੀਆਂ ਕੀਮਤਾਂ ਵਧਾਉਣ ਦੇ ਖਿਲਾਫ ਪ੍ਰਦਰਸ਼ਨ 11 ਵਜੇ ਤੋਂ 3 ਵਜੇ ਤੱਕ ਪੰਜਾਬ ਦੇ 90ਥਾਵਾਂ ਉਪਰ ਕੀਤੇ ਜਾਣਗੇ। ਕੇਂਦਰ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਕਰਨ ਲਈ 19 ਮਈ ਤੋਂ 28ਮਈ ਤੱਕ ਲੋਕਾਂ ਕੋਲ ਚੱਲੋ ਮੁਹਿੰਮ ਦੇ ਤਹਿਤ ਪੰਜ ਹਜ਼ਾਰ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਮਨ ਕਾਨੂੰਨ ਨੂੰ ਬਣਾ ਕੇ ਰੱਖਣ ਵਿਚ ਬੁਰੀ ਤਰਾਂ ਫੇਲ੍ਹ ਹੋਈ ਹੈ । ਇਸ ਮੌਕੇ ਪਾਰਟੀ ਦੇ ਪੰਜਾਬ ਇਕਾਈ ਦੇ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਜ਼ਿਲ੍ਹਾ ਸਕੱਤਰ ਲਾਲ ਚੰਦ, ਗੁਰਦੇਵ ਸਿੰਘ ਲੋਹਗੜ੍ਹ, ਆਤਮਾ ਰਾਮ ਸਰਦੂਲਗੜ੍ਹ, ਮਨਦੀਪ ਸਿੰਘ, ਬੰਸੀ ਲਾਲ, ਗੁਰਪ੍ਰੀਤ ਸਿੰਘ, ਵਿਕਰਮ ਸਿੰਘ ਆਦਿ ਹਾਜ਼ਰ ਸਨ।